ਬੀਰਬਲ ਰਿਸ਼ੀ
ਸ਼ੇਰਪੁਰ, 23 ਅਕਤੂਬਰ
ਪੰਜਾਬ ਮੰਡੀ ਬੋਰਡ ਵੱਲੋਂ ਆੜ੍ਹਤੀਆਂ ਨੂੰ ਕਿਸਾਨਾਂ ਦੀ ਫ਼ਸਲ ਪ੍ਰਾਈਵੇਟ ਫੜ੍ਹ ’ਚ ਲਾਹੇ ਜਾਣ ਤੋਂ ਵਰਜ ਦੇਣ ਅਤੇ ਫ਼ਸਲ ਦੀ ਖ਼ਰੀਦ ਸਿਰਫ਼ ਸਰਕਾਰੀ ਫੜ੍ਹ ਵਿੱਚ ਹੀ ਕੀਤੇ ਜਾਣ ਦੇ ਵਿਰੋਧ ਵਿੱਚ ਅੱਜ ਕੀਤੀ ਜਾਣ ਵਾਲੀ ਹੜਤਾਲ ਆੜ੍ਹਤੀਆਂ ਨੇ ਅਚਨਚੇਤ ਮੁਲਤਵੀ ਕਰ ਦਿੱਤੀ ਹੈ। ਜਾਣਕਾਰੀ ਮੁਤਾਬਕ, ਖ਼ਰੀਦ ਕੇਂਦਰ ਕਾਤਰੋਂ ਦੇ ਆੜ੍ਹਤੀਆ ਐਸੋਸੀਏਸ਼ਨ ਨੇ ਮੰਡੀ ਪ੍ਰਧਾਨ ਬਹਾਦਰ ਸਿੰਘ ਬਾਗੜੀ ਦੀ ਅਗਵਾਈ ਹੇਠ ਹੋਈ ਮੀਟਿੰਗ ਇਹ ਫ਼ੈਸਲਾ ਲਿਆ।
ਭਰੋਸੇਯੋਗ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਪ੍ਰਾਈਵੇਟ ਫੜ੍ਹ ’ਚ ਝੋਨਾ ਲੁਹਾਉਣ ਦੀ ਸਿੱਧੀ ਮਨਜ਼ੂਰੀ ਨਵੀਂ ਨੀਤੀ ਤਹਿਤ ਮੈਪਿੰਗ, ਜੀਪੀਐੱਸ, ਟੈਗਿੰਗ ਆਦਿ ਕਾਰਨ ਔਖਾ ਕਾਰਜ ਮੰਨਿਆ ਜਾ ਰਿਹਾ ਸੀ, ਪਰ ਮੰਡੀਆਂ ਵਿੱਚ ਕੰਮ-ਕਾਜ ਵਿੱਚ ਤੇਜ਼ੀ ਬਣਾਈ ਰੱਖਣ ਲਈ ਅੱਜ ਆੜ੍ਹਤੀਆਂ ਨੂੰ ਅਧਿਕਾਰੀਆਂ ਨਾਲ ਹੋਈ ਮੀਟਿੰਗ ਵਿੱਚ ਕੋਈ ਹਾਂ-ਪੱਖੀ ਹੁੰਗਾਰਾ ਮਿਲਿਆ ਮੰਨਿਆ ਜਾ ਰਿਹਾ ਹੈ। ਉਂਜ ਕਿਸੇ ਵੀ ਸਮਰੱਥ ਅਧਿਕਾਰੀ ਨੇ ਇਸਦੀ ਪੁਸ਼ਟੀ ਨਹੀਂ ਕੀਤੀ। ਅੱਜ ਚੁੱਪ-ਚੁਪੀਤੇ ਆੜ੍ਹਤੀਆਂ ਦੀ ਹੜਤਾਲ ਮੁਲਤਵੀ ਹੋਣ ਮਗਰੋਂ 60 ਫ਼ੀਸਦੀ ਝੋਨੇ ਦੀ ਖ਼ਰੀਦ ਕੀਤੀ ਗਈ ਤੇ ਮੰਡੀ ਵਿੱਚ ਕੰਮ ਵੀ ਜਾਰੀ ਰਿਹਾ। ਇਸ ਸਬੰਧੀ ਜਦੋਂ ਆੜ੍ਹਤੀਆਂ ਐਸੋਸੀਏਸ਼ਨ ਨਾਲ ਸਬੰਧਤ ਕਾਤਰੋਂ ਮੰਡੀ ਦੇ ਪ੍ਰਧਾਨ ਬਹਾਦਰ ਸਿੰਘ ਬਾਗੜੀ ਨਾਲ ਗੱਲ ਕੀਤੀ ਤਾਂ ਉਨ੍ਹਾਂ ਸਪਸ਼ੱਟ ਜਵਾਬ ਦੇਣ ਦੀ ਥਾਂ ਐਨਾ ਹੀ ਕਿਹਾ ਕਿ ਉਨ੍ਹਾਂ ਦੀ ਅੱਜ ਅਧਿਕਾਰੀਆਂ ਨਾਲ ਮੀਟਿੰਗ ਹੋਈ ਹੈ, ਜਿਸ ਵਿੱਚ ਉਨ੍ਹਾਂ ਆੜ੍ਹਤੀਆਂ ਨੂੰ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਨਾ ਆਉਣ ਦੇਣ ਦਾ ਭਰੋਸਾ ਦਿੱਤਾ ਹੈ। ਇਸ ਲਈ ਹੜਤਾਲ ਹਾਲ ਦੀ ਘੜੀ ਮੁਲਤਵੀ ਕੀਤੀ ਗਈ ਹੈ।