ਰਣਜੀਤ ਸਿੰਘ ਸ਼ੀਤਲ
ਦਿੜ੍ਹਬਾ ਮੰਡੀ, 29 ਨਵੰਬਰ
ਅਤਿਵਾਦ ਦੇ ਦੌਰ ’ਚ ਗੋਲੀ ਦਾ ਸ਼ਿਕਾਰ ਹੋਏ ਪੰਜਾਬ ਪ੍ਰਦੇਸ਼ ਕਾਂਗਰਸ ਦੇ ਜ਼ਿਲ੍ਹਾ ਜਨਰਲ ਸਕੱਤਰ ਤੇ ਕਾਂਗਰਸ ਕਮੇਟੀ ਦੇ ਮੈਂਬਰ ਰਹੇ ਡਾ. ਬਖਸ਼ੀ ਤੀਰਥ ਸਿੰਘ ਦਾ ਪਰਿਵਾਰ 29 ਸਾਲਾਂ ਤੋਂ ਨੌਕਰੀ ਦੀ ਤਲਾਸ਼ ਲਈ ਦਰ ਦਰ ਭਟਕ ਰਿਹਾ ਹੈ ਪਰ ਅਜੇ ਤੱਕ ਸਰਕਾਰੀ ਨੌਕਰੀ ਨਹੀਂ ਮਿਲੀ। ਡਾ. ਬਖਸ਼ੀ ਦੇ ਪੁੱਤਰ ਨਰਿੰਦਰ ਸਿੰਘ ਬਖਸ਼ੀ ਨੇ ਦੱਸਿਆ ਕਿ ਉਸ ਦੇ ਪਿਤਾ ਕਾਂਗਰਸੀ ਤੇ ਦੇਸ਼ ਭਗਤ ਸਨ ਜਿਨ੍ਹਾਂ ਨੇ ਬੇਅੰਤ ਸਿੰਘ ਦੇ ਮੁੱਖ ਮੰਤਰੀ ਹੁੰਦਿਆਂ 1992 ਵਿੱਚ ਅਸੈਂਬਲੀ ਚੋਣਾਂ ਲਈ ਜ਼ਿਲ੍ਹਾ ਸੰਗਰੂਰ ਦਾ ਬਤੌਰ ਚੋਣ ਇੰਚਾਰਜ ਪਾਰਟੀ ਲਈ ਕੰਮ ਕੀਤੇ। ਇਸੇ ਦੌਰਾਨ ਉਹ 1992 ਵਿੱਚ ਅਤਿਵਾਦੀਆਂ ਦੀ ਗੋਲੀ ਦਾ ਸ਼ਿਕਾਰ ਹੋ ਗਏ। ਉਨ੍ਹਾਂ ਦੇ ਭੋਗ ’ਤੇ ਪਹੁੰਚ ਕੇ ਮੁੱਖ ਮੰਤਰੀ ਬੇਅੰਤ ਸਿੰਘ ਨੇ ਪਰਿਵਾਰ ਨੂੰ ਦਿਲਾਸਾ ਦਿੱਤਾ ਕਿ ਡਾ. ਬਖਸ਼ੀ ਦੀ ਕੁਰਬਾਨੀ ਦਾ ਮੁੱਲ ਪਾਰਟੀ ਜ਼ਰੂਰ ਅਦਾ ਕਰੇਗੀ ਪਰ ਦੁੱਖ ਦੀ ਗੱਲ ਹੈ ਕਿ ਕਾਂਗਰਸ ਪਾਰਟੀ ਨੇ ਇਸ ਪਰਿਵਾਰ ਦੀ ਕੋਈ ਸਹਾਇਤਾ ਨਹੀਂ ਕੀਤੀ। ਕਾਂਗਰਸ ਦੇ ਸਾਬਕਾ ਮੰਤਰੀ ਗੁਰਚਰਨ ਸਿੰਘ ਦਿੜ੍ਹਬਾ ਤੇ ਟਕਸਾਲੀ ਕਾਂਗਰਸੀ ਆਗੂ ਜਗਸੀਰ ਸਿੰਘ ਖਨਾਲਕਲਾਂ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੋਂ ਡਾ. ਬਖਸ਼ੀ ਤੀਰਥ ਸਿੰਘ ਦੀ ਪਾਰਟੀ ਪ੍ਰਤੀ ਵਫ਼ਾਦਾਰੀ ਤੇ ਕੁਰਬਾਨੀ ਨੂੰ ਦੇਖਦਿਆਂ ਉਸ ਦੇ ਪੋਤਰੇ ਨੂੰ ਅਤਿਵਾਦ ਪੀੜਤ ਪਰਿਵਾਰ ਦਾ ਮੈਂਬਰ ਹੋਣ ਦੇ ਨਾਤੇ ਸਰਕਾਰੀ ਨੌਕਰੀ ਦੇਣ ਦੀ ਮੰਗ ਕੀਤੀ ਹੈ।