ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 6 ਜੁਲਾਈ
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ ਦਸਵੀਂ ਜਮਾਤ ਦੇ ਨਤੀਜੇ ਵਿੱਚ ਜ਼ਿਲ੍ਹਾ ਸੰਗਰੂਰ ਦੀ ਦਿਲਪ੍ਰੀਤ ਕੌਰ ਸੂੁਬੇ ਵਿੱਚੋਂ ਦੂਜੇ ਅਤੇ ਕੋਮਲਪ੍ਰੀਤ ਕੌਰ ਤੀਜੇ ਸਥਾਨ ’ਤੇ ਰਹੀ। ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਨੇ ਦੱਸਿਆ ਕਿ ਗੁਰੂ ਤੇਗ ਬਹਾਦਰ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਕਾਂਝਲਾ ਦੀ ਵਿਦਿਆਰਥਣ ਦਿਲਪ੍ਰੀਤ ਕੌਰ ਨੇ 650 ’ਚੋਂ 644 ਅੰਕ ਲੈ ਕੇ ਪੂਰੇ ਪੰਜਾਬ ’ਚੋਂ ਦੂਜਾ ਸਥਾਨ ਹਾਸਲ ਕੀਤਾ ਹੈ, ਜਦਕਿ ਭੁਟਾਲ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਭੁਟਾਲ ਕਲਾਂ ਦੀ ਕੋਮਲਪ੍ਰੀਤ ਕੌਰ 650 ’ਚੋਂ 642 ਅੰਕ ਪ੍ਰਾਪਤ ਕਰਕੇ ਸੂਬੇ ’ਚੋਂ ਤੀਸਰੇ ਸਥਾਨ ’ਤੇ ਰਹੀ ਹੈ। ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ਦੇ ਸਮੂਹ ਵਿਦਿਆਰਥੀਆਂ ਨੂੰ ਹੋਰ ਮਿਹਨਤ ਕਰਨ ਲਈ ਪ੍ਰੇਰਿਆ ਅਤੇ ਸਫ਼ਲਤਾ ਹਾਸਲ ਕਰਨ ਲਈ ਲਗਾਤਾਰ ਮਿਹਨਤ ਅਤੇ ਦ੍ਰਿੜਤਾ ਨਾਲ ਜੁਟੇ ਰਹਿਣ ਦਾ ਸੱਦਾ ਦਿੱਤਾ।
ਅਮਰਗੜ੍ਹ (ਪੱਤਰ ਪ੍ਰੇਰਕ): ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ ਦਸਵੀਂ ਦੇ ਨਤੀਜੇ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਅਮਰਗੜ੍ਹ ਦੀ ਤਮੰਨਾ ਸਿੰਗਲਾ ਨੇ ਜ਼ਿਲ੍ਹੇ ਵਿੱਚੋਂ ਦੂਜਾ ਸਥਾਨ ਹਾਸਲ ਕੀਤਾ ਹੈ। ਪ੍ਰਿੰਸੀਪਲ ਜਸਪਾਲ ਸਿੰਘ, ਵਾਈਸ ਪ੍ਰਿੰਸੀਪਲ ਜਸਵਿੰਦਰ ਸਿੰਘ ਤੇ ਲੈਕ ਕੁਲਵੰਤ ਸਿੰਘ ਭੈਣੀ ਨੇ ਦੱਸਿਆ ਕਿ ਤਮੰਨਾ ਸਿੰਗਲਾ ਪੁੱਤਰੀ ਤਰਸੇਮ ਲਾਲ ਨੇ 650 ਵਿਚੋਂ 632 ਅੰਕ ਪ੍ਰਾਪਤ ਕਰਕੇ ਮੈਰਿਟ ਸੂਚੀ ਵਿੱਚ 12ਵਾਂ ਰੈਂਕ ਪ੍ਰਾਪਤ ਕੀਤਾ ਹੈ। ਉਨ੍ਹਾਂ ਦੱਸਿਆ ਕਿ ਬਾਰ੍ਹਵੀਂ ਦੇ ਨਤੀਜੇ ਵਿੱਚ ਵੀ ਸਕੂਲ ਦੀ ਵਿਦਿਆਰਥਣ ਅਰਸ਼ ਬੈਕਟਰ ਨੇ ਜ਼ਿਲ੍ਹੇ ਵਿੱਚ ਪਹਿਲਾਂ ਅਤੇ ਵੋਕੇਸ਼ਨਲ ਗਰੁਪ ਵਿੱਚ ਮੁਹੰਮਦ ਅਸਲਮ ਅਤੇ ਮਨਪ੍ਰੀਤ ਕੌਰ ਨੇ ਜ਼ਿਲ੍ਹੇ ਵਿੱਚੋਂ ਕਰਮਵਾਰ ਪਹਿਲਾਂ ਤੇ ਦੂਸਰਾ ਸਥਾਨ ਹਾਸਲ ਕੀਤਾ ਹੈ। ਉਨ੍ਹਾਂ ਮੋਹਰੀ ਵਿਦਿਆਰਥੀਆਂ ਨੂੰ ਵਧਾਈ ਦਿੱਤੀ।