ਰਣਜੀਤ ਸਿੰਘ ਸ਼ੀਤਲ
ਦਿੜ੍ਹਬਾ ਮੰਡੀ, 2 ਜੂਨ
ਸੂਚਨਾ ਅਧਿਕਾਰ ਐਕਟ ਦੀ ਉਲੰਘਣਾ ਕਰਨ ਦੇ ਮਮਾਲੇ ’ਚ ਪੰਜਾਬ ਰਾਜ ਸੂਚਨਾ ਕਮਿਸ਼ਨ ਵੱਲੋਂ ਲੋਕ ਸੂਚਨਾ ਅਧਿਕਾਰੀ ਅਤੇ ਤਹਿਸੀਲਦਾਰ ਦਿੜ੍ਹਬਾ ਨੂੰ ਚੰਡੀਗੜ੍ਹ ਤਲਬ ਕੀਤਾ ਗਿਆ ਹੈ ਕਿਉਂਕਿ ਤਹਿਸਲੀਦਾਰ ਵੱਲੋਂ ਐਨ.ਓ.ਸੀ. ਅਤੇ ਬਿਨ੍ਹਾਂ ਐਨ.ਓ.ਸੀ. ਤੋਂ ਕੀਤੀਆਂ ਗਈਆਂ ਰਜਿਸਟਰੀਆਂ ਦੀ ਸੂਚਨਾ ਦੇਣ ਤੋਂ ਪਾਸਾ ਵੱਟ ਲਿਆ ਸੀ। ਆਰਟੀਆਈ ਮਾਹਿਰ ਅਤੇ ਲੋਕ ਜਾਗ੍ਰਤਿ ਮੰਚ ਦੇ ਸੂਬਾ ਪ੍ਰਧਾਨ ਬ੍ਰਿਸ਼ ਭਾਨ ਬੁਜਰਕ ਨੇ ਦੱਸਿਆ ਕਿ ਸੂਚਨਾ ਅਧਿਕਾਰ ਐਕਟ 2005 ਤਹਿਤ ਤਹਿਸੀਲਦਾਰ ਦਿੜ੍ਹਬਾ ਕੋਲੋਂ 19-1-2022 ਨੂੰ ਨਗਰ ਪੰਚਾਇਤ ਅਧੀਨ ਪੈਂਦੇ ਇਲਾਕੇ ’ਚ ਐਨਓਸੀ ਅਤੇ ਬਿਨਾਂ ਐਨਓਸੀ ਤੋਂ ਕੀਤੀਆਂ ਗਈਆਂ ਰਜਿਸਟਰੀਆਂ ਸਬੰਧੀ ਜਾਣਕਾਰੀ ਮੰਗੀ ਗਈ ਸੀ। ਜਿਸ ਦਾ ਜਵਾਬ ਨਾ ਦਿੱਤੇ ਜਾਣ ’ਤੇ 28-2-2022 ਨੂੰ ਪਹਿਲੀ ਅਪੀਲ ਪਾਈ ਗਈ ਪਰ ਲੋਕ ਸੂਚਨਾ ਅਧਿਕਾਰੀ ਵੱਲੋਂ ਮੰਗੇ ਗਏ ਰਿਕਾਰਡ ਨੂੰ ਤਿਆਰ ਕੀਤੇ ਜਾਣ ਵਾਲੀ ਸੂਚਨਾ ਦੱਸ ਕੇ ਜਵਾਬ ਦੇ ਦਿੱਤਾ ਜਦੋਂ ਕਿ ਤਹਿਸੀਲ ਅੰਦਰ ਕੀਤੀਆਂ ਜਾਣ ਵਾਲੀਆਂ ਰਜਿਸਟਰੀਆਂ ਦਾ ਰਿਕਾਰਡ ਪਹਿਲਾਂ ਤੋਂ ਹੀ ਮੌਜੂਦ ਹੁੰਦਾ ਹੈ।