ਗੁਰਦੀਪ ਸਿੰਘ ਲਾਲੀ
ਸੰਗਰੂਰ, 8 ਅਕਤੂਬਰ
ਜ਼ਿਲ੍ਹਾ ਸੰਗਰੂਰ ਅੰਦਰ ਬਾਹਰੀ ਰਾਜਾਂ ਤੋਂ ਗੈਰ ਕਾਨੂੰਨੀ ਢੰਗ ਨਾਲ ਆਉਣ ਵਾਲੇ ਝੋਨੇ ਅਤੇ ਚਾਵਲ ਦੀ ਆਮਦ ਨੂੰ ਰੋਕਣ ਲਈ ਡਿਪਟੀ ਕਮਿਸ਼ਨਰ ਰਾਮਵੀਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ 5 ਟੀਮਾਂ ਗਠਿਤ ਕੀਤੀਆ ਗਈਆਂ ਹਨ। ਟੀਮਾਂ ਵਿੱਚ ਖੁਰਾਕ ਤੇ ਸਪਲਾਈ ਵਿਭਾਗ ਤੋਂ ਇਲਾਵਾ ਮੰਡੀ ਬੋਰਡ ਤੇ ਪੁਲੀਸ ਵਿਭਾਗ ਦੇ ਮੁਲਾਜ਼ਮ ਵੀ ਸ਼ਾਮਲ ਹਨ। ਇਹ ਜਾਣਕਾਰੀ ਜ਼ਿਲ੍ਹਾ ਖੁਰਾਕ ਤੇ ਸਪਲਾਈ ਕੰਟਰੋਲਰ ਸੰਗਰੂਰ ਨਰਿੰਦਰ ਸਿੰਘ ਨੇ ਬਰੇਟਾ ਰੋਡ ਮੂਨਕ ਤੇ ਮੂਨਕ ਤੋਂ ਟੋਹਾਣਾ ਰੋਡ ਆਦਿ ’ਤੇ ਹੋਈ ਨਾਕਾਬੰਦੀ ਦਾ ਜਾਇਜ਼ਾ ਲੈਣ ਮਗਰੋਂ ਇਥੇ ਬਿਆਨ ਜਾਰੀ ਕੀਤਾ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ ਬਾਰਡਰ ਇਲਾਕੇ ਨਾਲ ਲੱਗਦੇ ਖਨੌਰੀ, ਮੂਨਕ ਵਿੱਚ ਵਿਸ਼ੇਸ਼ ਨਾਕਾਬੰਦੀ ਕੀਤੀ ਗਈ ਹੈ, ਤਾਂ ਜੋ ਗੈਰ-ਕਾਨੂੰਨੀ ਤੌਰ ’ਤੇ ਦੂਜੇ ਰਾਜ ਤੋਂ ਝੋਨੇ ਅਤੇ ਚਾਵਲ ਦੀ ਆਮਦ ਨਾ ਹੋ ਸਕੇ।
ਸ੍ਰੀ ਨਰਿੰਦਰ ਸਿੰਘ ਨੇ ਕਿਹਾ ਕਿ ਗੈਰ-ਕਾਨੂੰਨੀ ਤੌਰ ਤੇ ਪਾਬੰਦੀ ਦੇ ਬਾਵਜੂਦ ਫਸਲ ਲੈ ਕੇ ਆਉਣ ਵਾਲੇ ਵਿਅਕਤੀਆਂ ’ਤੇ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਟੀਮਾਂ ’ਚ ਸ਼ਾਮਲ ਅਧਿਕਾਰੀਆਂ ਨੂੰ ਹਰ ਵਾਹਨ ਦੇ ਤੇਜ਼ ਨਜ਼ਰ ਰੱਖਣ ਦੀਆਂ ਹਦਾਇਤਾਂ ਜਾਰੀ ਕੀਤੀਆ ਗਈਆਂ ਹਨ। ਉਨ੍ਹਾਂ ਜ਼ਿਲ੍ਹੇ ਦੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਜ਼ਿਲ੍ਹੇ ਦੀਆਂ ਮੰਡੀਆਂ ਅੰਦਰ ਗੈਰ-ਕਾਨੂੰਨੀ ਤੌਰ ਤੇ ਆਉਣ ਵਾਲੀ ਫਸਲ ਨੂੰ ਰੋਕਣ ਲਈ ਸਹਿਯੋਗ ਕੀਤਾ ਜਾਵੇ, ਤਾਂ ਜੋ ਜ਼ਿਲ੍ਹੇ ਦੇ ਕਿਸਾਨਾਂ ਵੱਲੋਂ ਮੰਡੀਆਂ ’ਚ ਲਿਆਂਦੀ ਫਸਲ ਦਾ ਦਾਣਾ ਦਾਣਾ ਸਮੇਂ ਨਾਲ ਖਰੀਦ ਕਰਕੇ ਸਮਾਂਬੱਧ ਢੰਗ ਨਾਲ ਅਦਾਇਗੀ ਨੂੰ ਯਕੀਨੀ ਬਣਾਇਆ ਜਾਵੇ।
ਝੋਨੇ ਦੀ ਗ਼ੈਰ-ਕਾਨੂੰਨੀ ਆਮਦ ’ਤੇ ਨਜ਼ਰ ਰੱਖਣ ਲਈ ਉਡਣ ਦਸਤੇ ਬਣਾਏ
ਮਾਲੇਰਕੋਟਲਾ (ਨਿੱਜੀ ਪੱਤਰ ਪ੍ਰੇਰਕ) ਡਿਪਟੀ ਕਮਿਸ਼ਨਰ ਅ੍ਰਮਿੰਤ ਕੌਰ ਗਿੱਲ ਨੇ ਬਾਹਰਲੇ ਰਾਜਾਂ ਤੋਂ ਆਉਣ ਵਾਲੇ ਝੋਨੇ ’ਤੇ ਨਿਗਾਹ ਰੱਖਣ ਲਈ ਮਾਰਕਿਟ ਕਮੇਟੀ ਪੱਧਰ ’ਤੇ ਉਡਣ ਦਸਤੇ ਕਾਇਮ ਕੀਤੇ ਹਨ, ਜੋ ਰੋਜ਼ਾਨਾ ਦੀ ਜਾਂਚ ਰਿਪੋਰਟ ਡਿਪਟੀ ਕਮਿਸ਼ਨਰ ਦਫ਼ਤਰ ਵਿੱਚ ਜਮ੍ਹਾਂ ਕਰਵਾਉਣਗੇ। ਡੀਸੀ ਨੇ ਦੱਸਿਆ ਕਿ ਪੰਜਾਬ ਦੇ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਲਈ ਪੰਜਾਬ ’ਚ ਬਾਹਰੋਂ ਆਉਣ ਵਾਲੇ ਝੋਨੇ ’ਤੇ ਨਿਗਾਹ ਰੱਖਣ ਲਈ ਮਾਲੇਰਕੋਟਲਾ ਜ਼ਿਲ੍ਹੇ ਦੀਆਂ 4 ਮਾਰਕਿਟ ਕਮੇਟੀਆਂ ’ਚ ਤਹਿਸੀਲਦਾਰ ਪੱਧਰ ਦੇ ਅਧਿਕਾਰੀਆਂ ਦੀ ਅਗਵਾਈ ’ਚ ਮੰਡੀ ਬੋਰਡ, ਜੀ.ਐਸ.ਟੀ./ਕਰ ਵਿਭਾਗ ਅਤੇ ਪੁਲੀਸ ਵਿਭਾਗ ਦੇ ਅਧਿਕਾਰੀਆਂ ਦੀਆਂ ਸਾਂਝੀਆਂ ਟੀਮਾਂ ਬਣਾਈਆਂ ਗਈਆਂ ਹਨ, ਜੋ ਮਾਰਕਿਟ ਕਮੇਟੀ ਅਧੀਨ ਪੈਂਦੀਆਂ ਮੰਡੀਆਂ ‘ਚ ਗ਼ੈਰ-ਕਾਨੂੰਨੀ ਤਰੀਕੇ ਜਾਂ ਫੇਰ ਦੂਸਰੇ ਰਾਜਾਂ ਤੋਂ ਆਉਣ ਵਾਲੇ ਝੋਨੇ ’ਤੇ ਨਿਗਾਹ ਰੱਖਣਗੀਆਂ ਤੇ ਇਸ ਸਬੰਧੀ ਰੋਜ਼ਾਨਾ ਦੀ ਰਿਪੋਰਟ ਡਿਪਟੀ ਕਮਿਸ਼ਨਰ ਦਫ਼ਤਰ ਵਿੱਚ ਭੇਜਣਗੀਆਂ। ਉਨ੍ਹਾਂ ਇਨ੍ਹਾਂ ਟੀਮਾਂ ਦੇ ਇੰਚਾਰਜ ਅਫ਼ਸਰਾਂ ਨੂੰ ਹਦਾਇਤ ਕੀਤੀ ਕਿ ਉਨ੍ਹਾਂ ਨੂੰ ਅਲਾਟ ਕੀਤੀਆਂ ਗਈਆਂ ਮਾਰਕਿਟ ਕਮੇਟੀਆਂ ਦੀਆਂ ਮੰਡੀਆਂ ’ਚ ਰੋਜ਼ਾਨਾ ਸ਼ਾਮ ਤੇ ਰਾਤ ਸਮੇਂ ਚੈਕਿੰਗ ਨੂੰ ਯਕੀਨੀ ਬਣਾਉਣ ਤੇ ਗ਼ੈਰਕਾਨੂੰਨੀ ਝੋਨਾ ਪਾਏ ਜਾਣ ਵਾਲੇ ਟਰੱਕ/ਗੁਦਾਮ ਜ਼ਬਤ ਕਰਨ।