ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 7 ਸਤੰਬਰ
ਪੰਜਾਬ ਯੂ.ਟੀ. ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝਾ ਫਰੰਟ ਦੇ ਸੱਦੇ ’ਤੇ ਪੰਜਾਬ ਦੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਵਲੋਂ ਮਨਾਏ ਜਾ ਰਹੇ ਰੋਸ ਹਫਤੇ ਤਹਿਤ ਸਰਕਾਰੀ ਸਕੂਲਾਂ ਵਿਚ ਅਧਿਆਪਕਾਂ ਵਲੋਂ ਕਾਲੇ ਬਿੱਲੇ ਲਗਾ ਕੇ ਸਰਕਾਰ ਵਿਰੁੱਧ ਰੋਸ ਪ੍ਰਗਟਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਗੌਰਮਿੰਟ ਟੀਚਰਜ਼ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਦੇਵੀ ਦਿਆਲ, ਜਨਰਲ ਸਕੱਤਰ ਸਤਵੰਤ ਸਿੰਘ ਆਲਮਪੁਰ, ਸਰਬਜੀਤ ਪੁੰਨਾਵਾਲ, ਫਕੀਰ ਸਿੰਘ ਟਿੱਬਾ ਤੇ ਸੌਰਵ ਜੋਸ਼ੀ ਨੇ ਦੱਸਿਆ ਕਿ 29 ਜੁਲਾਈ ਦੀ ਪਟਿਆਲਾ ਮਹਾ ਰੈਲੀ ਤੋਂ ਬਾਅਦ ਪੰਜਾਬ ਸਰਕਾਰ ਵੱਲੋਂ ਮੁਲਾਜ਼ਮਾਂ/ਪੈਨਸ਼ਨਰਾਂ ਦੀਆਂ ਮੰਗਾਂ ਲਈ ਗਠਿਤ ਕੀਤੀ ਕੈਬਨਿਟ ਸਬ-ਕਮੇਟੀ ਅਤੇ ਆਫੀਸਰ ਸਬ-ਕਮੇਟੀ ਨਾਲ ਚਾਰ ਗੇੜ ਦੀ ਗੱਲਬਾਤ ਹੋਈ ਹੈ ਪਰ ਹੈਂਕੜਬਾਜ਼ ਸਰਕਾਰ ਵੱਲੋਂ ਮੁਲਾਜ਼ਮਾਂ ਦੀਆਂ ਮੰਗਾਂ ਪ੍ਰਤੀ ਲਗਾਤਾਰ ਟਾਲ-ਮਟੋਲ ਦੀ ਨੀਤੀ ਅਪਣਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਮੁੱਖ ਮੰਗਾਂ ਵਿੱਚੋਂ ਤਨਖ਼ਾਹ ਕਮਿਸ਼ਨ ਵਿੱਚ ਮੁਲਾਜ਼ਮ ਪੱਖੀ ਸੋਧਾਂ ਕਰਵਾਉਣਾ, ਹਰ ਤਰ੍ਹਾਂ ਦੇ ਕੱਚੇ ਮੁਲਾਜ਼ਮ ਪੱਕੇ ਕਰਨ, ਮਾਣ ਭੱਤਾ, ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ, ਪਰਖ ਕਾਲ ਖਤਮ ਕਰਨ, ਕੇਂਦਰੀ ਤਨਖ਼ਾਹ ਸਕੇਲ ਖ਼ਤਮ ਕਰਨ ਅਤੇ ਜਬਰੀ ਥੋਪਿਆ ਜਜ਼ੀਆ ਟੈਕਸ ਖਤਮ ਕਰਾਉਣ ਆਦਿ ਹਨ। ਉਨ੍ਹਾਂ ਦੱਸਿਆ ਕਿ ਪੰਜਾਬ ਦੇ ਅਧਿਆਪਕਾਂ, ਮੁਲਾਜ਼ਮਾਂ ਅਤੇ ਪੈਨਸ਼ਨਰਾਂ ਵਿੱਚ ਪੰਜਾਬ ਸਰਕਾਰ ਪ੍ਰਤੀ ਭਾਰੀ ਰੋਸ ਹੈ, ਜਿਸ ਕਾਰਨ 11 ਸਤੰਬਰ ਨੂੰ ਮੁਲਾਜ਼ਮਾਂ ਵੱਲੋਂ ਚੰਡੀਗੜ੍ਹ ਵਿੱਚ ਕੀਤੀ ਜਾ ਰਹੀ ਰੈਲੀ ਪੰਜਾਬ ਸਰਕਾਰ ਦੀਆਂ ਜੜ੍ਹਾਂ ਹਿੱਲਾ ਦੇਵੇਗੀ। ਉਨ੍ਹਾਂ ਦੱਸਿਆ ਕਿ ਰੈਲੀ ਮਗਰੋਂ ਮੁੱਖ ਮੰਤਰੀ ਦੀ ਸਰਕਾਰੀ ਰਿਹਾਇਸ਼ ਵੱਲ ਰੋਸ ਮਾਰਚ ਕੀਤਾ ਜਾਵੇਗਾ।