ਗੁਰਦੀਪ ਸਿੰਘ ਲਾਲੀ
ਸੰਗਰੂਰ, 23 ਅਕਤੂਬਰ
ਡੈਮੋਕਰੈਟਿਕ ਟੀਚਰਜ਼ ਫਰੰਟ ਪੰਜਾਬ, ਈਟੀਟੀ ਅਧਿਆਪਕ ਐਸੋਸੀਏਸ਼ਨ ਪੰਜਾਬ ਅਤੇ ਓਡੀਐੱਲ ਅਧਿਆਪਕ ਯੂਨੀਅਨ ਪੰਜਾਬ ਦੇ ਸੱਦੇ ’ਤੇ ਅਧਿਆਪਕਾਂ ਨੇ ਵਿੱਤ ਮੰਤਰੀ ਹਰਪਾਲ ਚੀਮਾ ਦੇ ਘਰ ਅੱਗੇ ਪੰਜਾਬ ਸਰਕਾਰ ਦੀ ਅਰਥੀ ਫੂਕਦਿਆਂ ਦੀਵਾਲੀ ਮਨਾਈ ਅਤੇ ਸਰਕਾਰ ਖ਼ਿਲਾਫ ਜ਼ੋਰਦਾਰ ਮੁਜ਼ਾਹਰਾ ਕੀਤਾ ਗਿਆ। ਤਿੰਨੋਂ ਜ਼ਿਲ੍ਹਿਆਂ ਤੋਂ ਪੁੱਜੇ ਅਧਿਆਪਕ ਇਥੇ ਧੂਰੀ ਰੋਡ ’ਤੇ ਸਥਿਤ ਰੇਲਵੇ ਓਵਰਬ੍ਰਿਜ ਨਜ਼ਦੀਕ ਇਕੱਠੇ ਹੋਏ ਜਿਥੋਂ ਰੋਸ ਮਾਰਚ ਕਰਦੇ ਹੋਏ ਵਿੱਤ ਮੰਤਰੀ ਦੀ ਕੋਠੀ ਨੇੜੇ ਪੁੱਜੇ। ਪੁਲੀਸ ਨੇ ਉਨ੍ਹਾਂ ਨੂੰ ਸੜਕ ’ਤੇ ਰੋਕ ਲਿਆ। ਰੋਸ ਧਰਨੇ ਨੂੰ ਸੰਬੋਧਨ ਕਰਦਿਆਂ ਡੀਟੀਐੱਫ ਦੇ ਜ਼ਿਲ੍ਹਾ ਪ੍ਰਧਾਨ ਸੁਖਵਿੰਦਰ ਗਿਰ, ਪਰਮਿੰਦਰ ਮਾਨਸਾ ਅਤੇ ਵਿਕਰਮਜੀਤ ਮਾਲੇਰਕੋਟਲਾ ਨੇ ਕਿਹਾ ਕਿ ਪਿਛਲੇ ਦਸ ਸਾਲਾਂ ਤੋਂ ਓਡੀਐੱਲ ਅਧਿਆਪਕ ਬੇਸਿਕ ਤਨਖ਼ਾਹ 10,300 ’ਤੇ ਕੰਮ ਕਰ ਰਹੇ ਹਨ। ਇਹ ਅਧਿਆਪਕ 3442 ਅਤੇ 7654 ਭਰਤੀ ਨਾਲ ਸਬੰਧਤ ਹਨ ਅਤੇ ਇਨ੍ਹਾਂ ਦੇ ਨਾਲ ਭਰਤੀ ਅਧਿਆਪਕਾਂ ਨੂੰ ਰੈਗੂਲਰ ਕੀਤਾ ਜਾ ਚੁੱਕਾ ਹੈ। ਸਾਰੀਆਂ ਸੇਵਾ ਸ਼ਰਤਾਂ ਪੂਰੀਆਂ ਕਰਨ ਦੇ ਬਾਵਜੂਦ 120 ਅਧਿਆਪਕਾਂ ਨੂੰ ਰੈਗੂਲਰ ਨਹੀਂ ਕੀਤਾ ਜਾ ਰਿਹਾ । ਇਸ ਤੋਂ ਇਲਾਵਾ 180 ਈਟੀਟੀ ਅਧਿਆਪਕਾਂ ਤੇ ਜਬਰੀ ਕੇਂਦਰੀ ਤਨਖ਼ਾਹ ਸਕੇਲ ਥੋਪਿਆ ਗਿਆ ਹੈ, ਜਦੋਂਕਿ ਇਨ੍ਹਾਂ ਦੇ ਨਾਲ ਭਰਤੀ ਅਧਿਆਪਕ ਰੈਗੂਲਰ ਹੋ ਚੁੱਕੇ ਹਨ ਅਤੇ ਪੰਜਾਬ ਸਰਕਾਰ ਦਾ ਤਨਖਾਹ ਸਕੇਲ ਲੈ ਰਹੇ ਹਨ। ਸੁਖਵਿੰਦਰ ਸਿੰਘ,ਲਖਵਿੰਦਰ ਸਿੰਘ ਜਸਵਿੰਦਰ ਸਿੰਘ, ਨਿਰਭੈ ਸਿੰਘ ਖਾਈ ਨੇ ਨੇ ਮੰਗ ਕੀਤੀ ਕਿ ਸਿੱਖਿਆ ਵਿਭਾਗ ਵਿੱਚ ਪਿਛਲੇ ਲਗਪਗ ਦਸ ਸਾਲਾਂ ਤੋਂ ਕੰਮ ਕਰ ਰਹੇ ਓਡੀਐੱਲ ਅਧਿਆਪਕਾਂ ਦੇ ਰੈਗੂਲਰ ਆਰਡਰ ਤੁਰੰਤ ਜਾਰੀ ਕੀਤੇ ਜਾਣ ਅਤੇ 180 ਈਟੀਟੀ ਅਧਿਆਪਕਾਂ ’ਤੇ ਜਬਰੀ ਥੋਪੇ ਕੇਂਦਰ ਪੈਟਰਨ ਦੇ ਤਨਖਾਹ ਸਕੇਲ ਵਾਪਸ ਲੈ ਕੇ ਮੁਢਲੀ ਭਰਤੀ ਦੇ ਸਾਰੇ ਲਾਭ ਬਹਾਲ ਕੀਤੇ ਜਾਣ। ਉਨ੍ਹਾਂ ਦੋਸ਼ ਲਾਇਆ ਕਿ ਇਨ੍ਹਾਂ ਮੰਗਾਂ ਨੂੰ ਪੂਰਾ ਕਰਨ ਦੀ ਬਜਾਏ ਸਿੱਖਿਆ ਮੰਤਰੀ ਵੱਲੋਂ ਧਰਨਾਕਾਰੀ ਅਧਿਆਪਕਾਂ ਨੂੰ ਧਮਕਾਇਆ ਜਾ ਰਿਹਾ ਹੈ। ਅਜਿਹੇ ਰਵੱਈਏ ਖ਼ਿਲਾਫ਼ ਅੱਜ ਪੰਜਾਬ ਦੇ 9 ਕੈਬਨਿਟ ਮੰਤਰੀਆਂ ਦੇ ਘਰ ਮੂਹਰੇ ਪੰਜਾਬ ਸਰਕਾਰ ਦੀਆਂ ਅਰਥੀਆਂ ਫੂਕ ਕੇ ਦੀਵਾਲੀ ਮਨਾਈ ਗਈ ਹੈ। ਇਸ ਮੌਕੇ ਮੇਘ ਰਾਜ ਅਮਨ ਵਸ਼ਿਸ਼ਟ, ਕਰਮਜੀਤ ਨਦਾਮਪੁਰ, ਸੁਖਮਿੰਦਰ ਕੌਰ ਆਦਿ ਅਧਿਆਪਕ ਆਗੂ ਹਾਜ਼ਰ ਸਨ।
ਅਧਿਆਪਕਾਂ ਨੇ ਸਿੱਖਿਆ ਮੰਤਰੀ ਦਾ ਪੁਤਲਾ ਫੂਕਿਆ
ਸਮਾਣਾ (ਸੁਭਾਸ਼ ਚੰਦਰ): ਅਧਿਆਪਕਾਂ ਨੇ ਆਪਣੀਆਂ ਮੰਗਾਂ ਅਤੇ ਪ੍ਰਦਰਸ਼ਨਕਾਰੀਆਂ ਨੂੰ ਕਥਿਤ ਤੌਰ ’ਤੇ ਧਮਕਾਉਣ ਨੂੰ ਲੈ ਕੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦਾ ਪੁਤਲਾ ਅੱਜ ਸਿਹਤ ਮੰਤਰੀ ਚੇਤਨ ਸਿੰਘ ਜੌੜੇਮਾਜਰਾ ਦੇ ਦਫ਼ਤਰ ਅੱਗੇ ਫੂਕਿਆ। ਇਸ ਮੌਕੇ ਡੈਮੋਕ੍ਰੇਟਿਕ ਟੀਚਰਜ਼ ਫਰੰਟ ਪੰਜਾਬ, ਓਡੀਐੱਲ ਅਧਿਆਪਕ ਯੂਨੀਅਨ ਪੰਜਾਬ, ਈਟੀਟੀ ਟੈੱਟ ਪਾਸ ਅਧਿਆਪਕ ਐਸੋਸੀਏਸ਼ਨ 6505 (ਜੈ ਸਿੰਘ ਵਾਲਾ) ਦੇ ਸੱਦੇ ਤਹਿਤ ਦਿੱਤੇ ਧਰਨੇ ਨੂੰ ਸੰਬੋਧਨ ਕਰਦਿਆਂ ਹਰਦੀਪ ਟੋਡਰਪੁਰ, ਅਤਿੰਦਰ ਘੱਗਾ, ਨਵਦੀਪ ਸਮਾਣਾ, ਚਮਕੌਰ ਸਿੰਘ ਨੇ ਕਿਹਾ ਕਿ ਹਾਸ਼ੀਏ ’ਤੇ ਧੱਕੇ ਅਧਿਆਪਕ ਇਸ ਸਾਲ ਕਾਲੀ ਦੀਵਾਲੀ ਮਨਾਉਣ ਲਈ ਮਜਬੂਰ ਹਨ। ਉਨ੍ਹਾਂ ਦੋਸ਼ ਲਾਇਆ ਕਿ ‘ਆਪ’ ਨੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਅਧਿਆਪਕਾਂ ਦੇ ਮਸਲੇ ਪਹਿਲ ਦੇ ਆਧਾਰ ’ਤੇ ਹੱਲ ਕਰਨ ਦਾ ਵਾਅਦਾ ਕੀਤਾ ਸੀ, ਪਰ ਅੱਜ ਰਵਾਇਤੀ ਸਰਕਾਰਾਂ ਵਾਂਗ ਉਨ੍ਹਾਂ ਨੂੰ ਡਰਾਇਆ ਧਮਕਾਇਆ ਜਾ ਰਿਹਾ ਹੈ। ਇਸ ਮੌਕੇ ਹਰਵਿੰਦਰ ਬੇਲੂਮਾਜਰਾ, ਪਰਮਜੀਤ ਕੌਰ, ਗੁਰਪ੍ਰੀਤ ਸਿੰਘ ਤੇ ਗੁਰਜੀਤ ਘੱਗਾ ਨੇ ਕਿਹਾ ਕਿ ਜੇਕਰ ਅਧਿਆਪਕਾਂ ਦਾ ਮਸਲਾ ਹੱਲ ਨਾ ਕੀਤਾ ਗਿਆ ਤਾਂ ਵੱਡੀ ਲਾਮਬੰਦੀ ਕਰਕੇ ਆਉਣ ਵਾਲੀ 6 ਨਵੰਬਰ ਨੂੰ ਸਿੱਖਿਆ ਮੰਤਰੀ ਦੇ ਹਲਕੇ ਵਿਚ ਪੰਜਾਬ ਦੇ ਅਧਿਆਪਕ ਗਰਜਣਗੇ।