ਪਵਨ ਕੁਮਾਰ ਵਰਮਾ
ਧੂਰੀ, 8 ਨਵੰਬਰ
ਖੇਤੀਬਾੜੀ ਦੇ ਧੰਦਿਆਂ ਵਿੱਚ ਲੱਗੇ ਕਿਸਾਨਾਂ ਨੂੰ ਆਪਣੀਆਂ ਜਿਣਸਾਂ ਦਾ ਪੂਰਾ ਮੁੱਲ ਅਤੇ ਸਮੇਂ ਸਿਰ ਅਦਾਇਗੀ ਨਾ ਹੋਣ ਕਾਰਨ ਸੂਬੇ ਦਾ ਕਿਸਾਨ ਕਰਜ਼ੇ ਹੇਠ ਦਬਦੇ ਜਾ ਰਹੇ ਹਨ। ਸਰਕਾਰ ਦੀ ਨੀਅਤ ਤੇ ਨੀਤੀਆਂ ਕਾਰਨ ਕਿਸਾਨ ਫ਼ਸਲਾਂ ਦਾ ਪੂਰਾ ਮੁੱਲ ਲੈਣ ਲਈ ਵਪਾਰੀਆਂ ਅਤੇ ਆੜ੍ਹਤੀਆਂ ’ਤੇ ਨਿਰਭਰ ਹੋ ਕੇ ਰਹਿ ਜਾਂਦਾ ਹੈ। ਇਸ ਰਵਾਇਤ ਨੂੰ ਤੋੜਦਿਆਂ ਜ਼ਿਲ੍ਹਾ ਸੰਗਰੂਰ ਦੇ ਪਿੰਡ ਬੱਬਨਪੁਰ ਦੇ ਨੌਜਵਾਨ ਕਰਮਜੀਤ ਸਿੰਘ ਨੇ ਕੁੱਝ ਵਰ੍ਹੇ ਪਹਿਲਾਂ ਸਹਾਇਕ ਕਿੱਤੇ ਰਾਹੀਂ ਆਪਣਾ ਕਾਰੋਬਾਰ ਕਰਨ ਦਾ ਫ਼ੈਸਲਾ ਕੀਤਾ। ਉਸ ਨੇ ਆਪਣੀ ਗੰਨੇ ਦੀ ਫ਼ਸਲ ਵੇਚਣ ਲਈ ਮਿੱਲਾਂ ਜਾਂ ਵਪਾਰੀਆਂ ਨੂੰ ਵੇਚਣ ਦੀ ਥਾਂ ਆਪ ਉਤਪਾਦ ਤਿਆਰ ਕਰਨੇ ਸ਼ੁਰੂ ਕੀਤੇ।
ਕਰਮਜੀਤ ਸਿੰਘ ਨੇ ਧੂਰੀ-ਮਾਲੇਰਕੋਟਲਾ ਮੁੱਖ ਮਾਰਗ ’ਤੇ ਆਪਣੇ ਖੇਤ ਵਿੱਚ ਘੁਲਾੜ ਲਗਾ ਕੇ ਗੁੜ੍ਹ ਅਤੇ ਸ਼ੱਕਰ ਬਣਾਉਣ ਦਾ ਕਿੱਤਾ ਸ਼ੁਰੂ ਕਰ ਕੇ ਅੱਜ ਆਪਣੇ ਕਾਰੋਬਾਰ ਨੂੰ ਵੱਡੇ ਪੱਧਰ ’ਤੇ ਸਥਾਪਿਤ ਕਰ ਲਿਆ ਹੈ। ਉਸ ਦੇ ਘੁਲਾੜ ਦਾ ਬਣਿਆ ਗੁੜ ਖ਼ਰੀਦਣ ਲਈ ਲੋਕ ਦੂਰ ਦੂਰ ਤੋਂ ਪਹੁੰਚ ਰਹੇ ਹਨ। ਕਿਸਾਨ ਮੇਲਿਆਂ ਵਿੱਚ ਗੁੜ੍ਹ ਦੀਆਂ ਸਟਾਲਾਂ ਲਗਾ ਕੇ ਮਾਣ-ਸਨਮਾਨ ਅਤੇ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਤੋਂ ਪਹਿਲਾ ਇਨਾਮ ਹਾਸਲ ਕਰਨ ਵਾਲੇ ਅਗਾਂਹਵਧੂ ਕਿਸਾਨ ਕਰਮਜੀਤ ਸਿੰਘ ਨੇ ਦੱਸਿਆ ਕਿ ਪਿੱਛਲੇ ਸਾਲਾਂ ਦੌਰਾਨ ਸ਼ੂਗਰ ਮਿੱਲਾਂ ਵੱਲੋਂ ਗੰਨੇ ਦੀ ਅਦਾਇਗੀ ਸਮੇਂ ਸਿਰ ਨਾ ਕਰਨ ਕਾਰਨ ਉਨ੍ਹਾਂ ਨੇ ਘੁਲਾੜ ਦਾ ਕਿੱਤਾ ਮਜਬੂਰੀਵੱਸ ਸ਼ੁਰੂ ਕੀਤਾ ਸੀ ਪਰ ਗੁੜ ਵੇਚਣ ਨਾਲ ਇਹ ਕਿੱਤਾ ਉਨ੍ਹਾਂ ਲਈ ਚੰਗੇ ਮੁਨਾਫ਼ੇ ਵਾਲਾ ਸਾਬਿਤ ਹੋਇਆ। ਉਹ ਹਰ ਸਾਲ ਲਗਪਗ 5 ਮਹੀਨੇ ਇਸ ਕਿੱਤੇ ਵਿੱਚ ਮਿਹਨਤ ਕਰ ਕੇ ਆਪਣੀ ਜਿਣਸ ਤੋਂ ਕਮਾਈ ਕਰਦੇ ਹਨ। ਉਨ੍ਹਾਂ ਕਿਹਾ ਕਿ ਜੇ ਕਿਸਾਨਾਂ ਦੇ ਬੱਚੇ ਖੇਤੀਬਾੜੀ ਨਾਲ ਸਬੰਧਤ ਸਹਾਇਕ ਧੰਦੇ ਅਪਣਾ ਕੇ ਆਪਣੇ ਕਾਰੋਬਾਰ ਸ਼ੁਰੂ ਕਰਨ ਤਾਂ ਖੇਤੀਬਾੜੀ ਦੇ ਧੰਦੇ ਵਿੱਚੋਂ ਵੀ ਚੰਗਾ ਮੁਨਾਫ਼ਾ ਕਮਾਇਆ ਜਾ ਸਕਦਾ ਹੈ।