ਰਮੇਸ਼ ਭਾਰਦਵਾਜ
ਲਹਿਰਾਗਾਗਾ, 16 ਮਈ
ਇਥੇ ਨਗਰ ਕੌਂਸਲ ਅੱਗੇ ਸਫਾਈ ਸੇਵਕ ਯੂਨੀਅਨ ਦੇ ਪ੍ਰਧਾਨ ਸੁਖਵਿੰਦਰ ਸਿੰਘ ਦੀ ਅਗਵਾਈ ’ਚ ਸਫਾਈ ਸੇਵਕ/ ਸੀਵਰਮੈਨ ਨੂੰ ਆਉਟਸੋਰਸ ਤੋਂ ਪੱਕਾ ਕਰਨ ਸਬੰਧੀ ਧਰਨਾ ਦਿੱਤਾ ਤੇ ਮੰਗਾਂ ਨੂੰ ਲੈਕੇ ਨਾਅਰੇਬਾਜ਼ੀ ਕੀਤੀ। ਜਥੇਬੰਦੀ ਦੇ ਬੁਲਾਰਿਆਂ ਨੇ ਕਿਹਾ ਕਿ ਸਫਾਈ ਸੇਵਕ ਯੂਨੀਅਨ ਨੇ ਆਪਣੀ ਹੱਕੀ ਤੇ ਜਾਇਜ਼ ਮੰਗਾਂ ਲਈ 13-05-2021 ਤੋਂ ਅਣਿਮੱਥੇ ਸਮੇਂ ਦੀ ਹੜਤਾਲ ਸ਼ੁਰੂ ਕੀਤੀ ਸੀ। ਪੰਜਾਬ ਸਰਕਾਰ ਨੇ ਕੈਬਨਿਟ ਦੀ ਮੀਟਿੰਗ ਬੁਲਾ ਕੇ 18-6-21 ਨੂੰ ਮਤਾ ਪਾਸ ਕੀਤਾ ਕਿ ਜੋ ਸਫਾਈ ਸੇਵਕ ਅਤੇ ਸੀਵਰਮੈਨ ਕੰਟਰੈਕਟ ’ਤੇ ਲੱਗੇ ਹੋਏ ਹਨ ਉਨਾਂ ਨੂੰ ਰੈਗੂਲਰ ਕੀਤਾ ਜਾਂਦਾ ਹੈ। ਜਿਹੜੇ ਠੇਕੇਦਾਰੀ ਸਿਸਟਮ ਵਿੱਚ ਕੰਮ ਕਰਦੇ ਹਨ ਉਨ੍ਹਾਂ ਨੂੰ ਪੱਕੇ ਤੌਰ ’ਤੇ ਕਨਟਰੈਕਟ ਤੇ ਕੀਤਾ ਜਾਵੇਗਾ। ਸਾਰੇ ਪੰਜਾਬ ਦੇ ਵਿਚ ਇਹ ਕੰਮ ਸ਼ੁਰੂ ਹੋ ਚੁੱਕਿਆ ਸੀ ਪਰ ਕਾਫੀ ਜਗ੍ਹਾ ਸਫਾਈ ਸੇਵਕ ਤੇ ਸੀਵਰਮੈਨ ਪੱਕੇ ਵੀ ਕੀਤੇ ਗਏ ਤੇ ਇਹ ਕੰਮ ਜ਼ਿਲ੍ਹਾ ਸੰਗਰੂਰ ਵਿੱਚ ਪੂਰਾ ਨਹੀਂ ਕੀਤਾ ਗਿਆ। ਵਧੀਕ ਡਿਪਟੀ ਕਿਮਸ਼ਨਰ ਨੂੰ ਜਥੇਬੰਦੀ ਨੇ ਵਾਰ ਵਾਰ ਬੇਨਤੀ ਕੀਤੀ ਕਿ ਜ਼ਿਲ੍ਹਾ ਸੰਗਰੂਰ ਵਿੱਚ ਨਗਰ ਕੌਂਸਲ ਅਤੇ ਨਗਰ ਪੰਚਾਇਤਾਂ ਵਿੱਚ ਜੋ ਸਫਾਈ ਸੇਵਕ ਪੱਕੇ ਹੋਣ ਤੋਂ ਰਹਿ ਗਏ ਹਨ, ਨੂੰ ਪੱਕਾ ਕੀਤਾ ਜਾਵੇ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਉਨ੍ਹਾਂ ਬੇਨਤੀ ਵੱਲ ਕੋਈ ਨਹੀਂ ਦਿੱਤਾ ਤਾਂ ਜ਼ਿਲ੍ਹਾ ਸੰਗਰੂਰ ’ਚ 25 ਮਈ ਨੂੰ ਅਣਮਿਥੇ ਸਮੇਂ ਦਾ ਧਰਨਾ ਸ਼ੁਰੂ ਕਰ ਦਿੱਤਾ ਜਾਵੇਗਾ।
ਕੱਚੇ ਕਾਮਿਆਂ ਵਲੋਂ ਧਰਨਾ
ਸੰਗਰੂਰ (ਗੁਰਦੀਪ ਸਿੰਘ ਲਾਲੀ): ਪੰਜਾਬ ਵਾਟਰ ਸਪਲਾਈ ਅਤੇ ਸੀਵਰੇਜ ਬੋਰਡ ਇੰਪਲਾਈਜ਼ ਕੰਟਰੈਕਟ ਵਰਕਰਜ਼ ਤੇ ਲੇਬਰ ਯੂਨੀਅਨ ਦੀ ਅਗਵਾਈ ਹੇਠ ਸੀਵਰੇਜ ਬੋਰਡ ਦੇ ਕੱਚੇ ਕਾਮਿਆਂ ਵਲੋਂ ਇਥੇ ਵਾਟਰ ਸਪਲਾਈ ਤੇ ਸੀਵਰੇਜ ਬੋਰਡ ਦੇ ਕਾਰਜਕਾਰੀ ਇੰਜਨੀਅਰ ਦੇ ਦਫ਼ਤਰ ਅੱਗੇ ਰੋਸ ਧਰਨਾ ਦਿੱਤਾ ਗਿਆ। ਰੋਸ ਧਰਨੇ ਦੀ ਅਗਵਾਈ ਸੂਬਾ ਪ੍ਰਧਾਨ ਸ਼ੇਰ ਸਿੰਘ ਖੰਨਾ,ਗੁਰਜੰਟ ਸਿੰਘ ਧੂਰੀ, ਪ੍ਰਦੀਪ ਕੁਮਾਰ ਚੀਮਾ ਅਤੇ ਨਰਾਇਣ ਦੱਤ ਧੂਰੀ ਵਲੋਂ ਕੀਤੀ ਗਈ। ਇਸ ਮੌਕੇ ਬੁਲਾਰਿਆਂ ਨੇ ਕਿਹਾ ਕਿ ਵਾਟਰ ਸਪਲਾਈ ਅਤੇ ਸੀਵਰੇਜ ਸਕੀਮਾਂ ਉੱਪਰ 15-20 ਸਾਲਾਂ ਤੋਂ ਲਗਾਤਾਰ ਠੇਕੇਦਾਰਾਂ, ਸੁਸਾਇਟੀਆਂ ਅਤੇ ਕੰਪਨੀਆਂ ਰਾਹੀਂ ਕੱਚੇ ਕਾਮੇ ਸੇਵਾਵਾਂ ਨਿਭਾਉਂਦੇ ਆ ਰਹੇ ਹਨ। ਅਨੇਕਾਂ ਵਾਰ ਕਾਰਜਕਾਰੀ ਇੰਜੀਨੀਅਰ ਨਾਲ ਮੀਟਿੰਗਾਂ ਕਰ ਚੁੱਕੇ ਹਾਂ ਪਰੰਤੂ ਅਜੇ ਤੱਕ ਕੋਈ ਮਸਲਾ ਹੱਲ ਨਹੀਂ ਕੀਤਾ ਗਿਆ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਕਿਰਤ ਵਿਭਾਗ ਵਲੋਂ ਜਾਰੀ ਕੀਤੇ ਪੱਤਰ ਅਨੁਸਾਰ ਬਣਦਾ ਬਕਾਇਆ ਜਾਰੀ ਕੀਤਾ ਜਾਵੇ ਨਹੀਂ ਤਾਂ ਸੰਘਰਸ਼ ਤੇਜ਼ ਕੀਤਾ ਕੀਤਾ ਜਾਵੇਗਾ।