ਪੱਤਰ ਪ੍ਰੇਰਕ
ਸ਼ੇਰਪੁਰ, 3 ਅਕਤੂਬਰ
ਪੰਚਾਇਤ ਵਿਭਾਗ ਨੇ ਮਹਿਲਾ ਸਰਪੰਚ ਦੀ ਸ਼ਿਕਾਇਤ ਦਾ ਨਿਪਟਾਰਾ ਕਰਦਿਆਂ ਪਿੰਡ ਮਾਹਮਦਪੁਰ ਦੇ ਪੰਜ ਪੰਚਾਂ ਨੂੰ ਅਹੁਦੇ ਤੋਂ ਮੁਅੱਤਲੀ ਦੇ ਹੁਕਮ ਕੀਤੇ ਹਨ। ਡਾਇਰੈਕਟਰ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦੇ ਪੱਤਰ ਅਨੁਸਾਰ ਪਿੰਡ ਮਾਹਮਦਪੁਰ ਦੀ ਸਰਪੰਚ ਉਰਮਲਾ ਦੇਵੀ ਨੇ ਪਿੰਡ ਦੇ ਪੰਜ ਪੰਚਾਂ ’ਤੇ ਵਿਕਾਸ ਕਾਰਜਾਂ ’ਚ ਸਹਿਯੋਗ ਨਾ ਦੇਣ ਸਬੰਧੀ ਸ਼ਿਕਾਇਤ ਕੀਤੀ ਸੀ ਜਿਸਤੇ ਡਵੀਜ਼ਨਲ ਡਿਪਟੀ ਡਾਇਰੈਕਟਰ ਨੇ ਉੱਚ ਅਧਿਕਾਰੀਆਂ ਨੂੰ ਭੇਜੀ ਰਿਪੋਰਟ ’ਚ ਪੰਜ ਪੰਚਾਂ ਵਿਰੁੱਧ ਅਨੁਸ਼ਾਸਨੀ ਕਾਰਵਾਈ ਦੀ ਸਿਫ਼ਾਰਸ਼ ਕੀਤੀ ਸੀ। ਦੋਵੇਂ ਧਿਰਾਂ ਦੇ ਦਸ਼ਤਾਵੇਜ਼ਾਂ ਤੇ ਡਵੀਜ਼ਨਲ ਡਿਪਟੀ ਡਾਇਰੈਕਟਰ ਦੀ ਰਿਪੋਰਟ ਨੂੰ ਅਧਾਰ ਬਣਾਕੇ ਜਾਰੀ ਕੀਤੇ ਪੱਤਰ ਅਨੁਸਾਰ ਮੁਹੰਮਦ ਅਸ਼ਰਫ਼, ਪਰਮਜੀਤ ਕੌਰ, ਗੋਬਿੰਦ ਸਿੰਘ, ਬੀਰੂ ਸਿੰਘ ਤੇ ਲਾਭ ਕੌਰ ਪੰਚਾਂ ਨੂੰ ਅਹੁਦੇ ਤੋਂ ਮੁਅੱਤਲ ਕੀਤਾ ਗਿਆ ਹੈ। ਉਧਰ, ਮੁਅੱਤਲ ਪੰਚ ਧਿਰ ਦੀ ਪੈਰਵੀ ਕਰਨ ਵਾਲੇ ਸਾਬਕਾ ਸਰਪੰਚ ਗੁਰਮੀਤ ਸਿੰਘ ਮਾਹਮਦਪੁਰ ਨੇ ਕਿਹਾ ਕਿ ਇਨਸਾਫ਼ ਪ੍ਰਾਪਤੀ ਲਈ ਡਾਇਰੈਕਟਰ ਦੇ ਫੈਸਲੇ ਨੂੰ ਉਹ ਪੰਚਾਇਤ ਵਿਭਾਗ ਦੇ ਸੈਕਟਰੀ ਕੋਲ ਚੁਣੌਤੀ ਦੇਣਗੇ ਅਤੇ ਇਨਸਾਫ ਲਈ ਹਰ ਕੋਸ਼ਿਸ਼ ਕਰਨਗੇ।