ਬੀਰਬਲ ਰਿਸ਼ੀ
ਸ਼ੇਰਪੁਰ, 25 ਅਕਤੂਬਰ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਹਲਕਾ ਧੂਰੀ ਸਮੇਤ ਮਲੇਰਕੋਟਲਾ ਅਤੇ ਮਹਿਲ ਕਲਾਂ ਦੇ ਪਿੰਡਾਂ ਦੇ ਕਿਸਾਨਾਂ ਵੱਲੋਂ ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਜਰਨੈਲ ਸਿੰਘ ਜਹਾਂਗੀਰ ਦੀ ਅਗਵਾਈ ਹੇਠ ਨਹਿਰੀ ਪਾਣੀ ਪ੍ਰਾਪਤ ਕਰਨ ਲਈ ਉਠਾਈ ਆਵਾਜ਼ ਦੇ ਮੱਦੇਨਜ਼ਰ ਨਹਿਰੀ ਵਿਭਾਗ ਦੇ ਐਕਸੀਅਨ ਵੱਲੋਂ ਗਠਿਤ ਕੁੱਲ ਤਿੰਨ ਟੀਮਾਂ ’ਚੋਂ ਦੋ ਟੀਮਾਂ ਨੇ ਆਪਣੀ ਰਿਪੋਰਟ ਮੁਕੰਮਲ ਹੋਣ ਦਾ ਦਾਅਵਾ ਕੀਤਾ ਹੈ ਜਦੋਂ ਕਿ ਤੀਜੀ ਟੀਮ ਦਾ ਕੰਮ ਹਾਲੇ ਅਧੂਰਾ ਜਾਪ ਰਿਹਾ ਹੈ। ਲੰਘੀ 11 ਅਕਤੂਬਰ ਨੂੰ ਮੁੱਖ ਮੰਤਰੀ ਦੇ ਓਐੱਸਡੀ ਓਂਕਾਰ ਸਿੰਘ ਨੇ ਨਹਿਰੀ ਵਿਭਾਗ ਨੂੰ ਕਿਸਾਨਾਂ ਤੱਕ ਪਾਣੀ ਪੁੱਜਦਾ ਕਰਨ ਲਈ ਲੋਕ ਤਜਵੀਜ਼ਾਂ ਦੇ ਆਧਾਰਿਤ ਆਪਣੀ ਰਿਪੋਰਟ 15 ਦਿਨਾਂ ਵਿੱਚ ਮੁਕੰਮਲ ਕਰਕੇ ਦੇਣ ਲਈ ਕਿਹਾ ਸੀ ਜਿਸ ਦੀ ਸਮਾਂ ਸੀਮਾਂ 26 ਅਕਤੂਬਰ ਨੂੰ ਖ਼ਤਮ ਹੋ ਜਾਵੇਗੀ।
ਨਹਿਰੀ ਵਿਭਾਗ ਦੇ ਜ਼ਿਲ੍ਹੇਦਾਰ ਹਾਕਮ ਸਿੰਘ ਨੇ ਦੱਸਿਆ ਕਿ ਅਸਲ ਵਿੱਚ ਵਿਭਾਗ ਵੱਲੋਂ ਗਠਿਤ ਟੀਮਾਂ ਲੱਡਾ ਦੇ ਅਧਿਕਾਰ ਖੇਤਰ ਵਾਲੇ ਪਿੰਡਾਂ ਦਾ ਸਰਵੇ ਹੋ ਚੁੱਕਿਆ ਹੈ ਜਿਸ ਦੀ ਰਿਪੋਰਟ ਜਲਦੀ ਹੀ ਸੌਂਪੀ ਜਾ ਰਹੀ ਹੈ ਜਦੋਂ ਕਿ ਦੂਜੀ ਟੀਮ ਵਿੱਚ ਬਤੌਰ ਜ਼ਿਲ੍ਹੇਦਾਰ ਸੇਖਾ ਦਾ ਚਾਰਜ ਹੋਣ ਕਾਰਨ ਰਹਿੰਦੇ ਤਕਰੀਬਨ ਇੱਕ ਦਰਜਨ ਪਿੰਡਾਂ ਦਾ ਅਗਲੇ ਤਿੰਨ-ਚਾਰ ਦਿਨਾਂ ਵਿੱਚ ਸਰਵੇ ਮੁਕੰਮਲ ਕਰ ਲਿਆ ਜਾਵੇਗਾ। ਤੀਜੀ ਟੀਮ ਮਾਹੋਰਾਣਾ ਦੇ ਇੰਚਾਰਜ ਪਹਿਲਾਂ ਹੀ ਆਪਣੇ ਅਧਿਕਾਰੀ ਖੇਤਰ ਵਾਲੇ ਸਬੰਧਤ ਪਿੰਡਾਂ ਦਾ ਸਰਵੇ ਮੁਕੰਮਲ ਕਰਨ ਦਾ ਦਾਅਵਾ ਕਰ ਚੁੱਕੇ ਹਨ। ਮਾਹੋਰਾਣਾ ਟੀਮ ਕੋਲ ਜ਼ਿਆਦਾਤਰ ਲੋਕਾਂ ਦਾ ਸੁਝਾਅ ਪਹਿਲਾਂ ਹੀ ਬਣੇ ਕੋਟਲਾ ਪ੍ਰਾਜੈਕਟ ਨੂੰ ਲਾਗੂ ਕਰਨ ਸਬੰਧੀ ਆਇਆ ਸੀ ਜਿਸ ਨਾਲ 46 ਪਿੰਡਾਂ ਨੂੰ ਨਹਿਰੀ ਪਾਣੀ ਦਾ ਲਾਭ ਪਹੁੰਚਣ ਦਾ ਦਾਅਵਾ ਕੀਤਾ ਜਾ ਰਿਹਾ ਹੈ ਜਦੋਂ ਕਿ ਦੂਜੀ ਟੀਮ ਅੱਗੇ ਕੁੱਝ ਪਿੰਡਾਂ ਦੇ ਲੋਕਾਂ ਨੇ ਪਿੰਡ ਟਿੱਬਾ ਵਿੱਚੋਂ ਦੀ ਲੰਘਦੀ ਲਸਾੜਾ ਡਰੇਨ ਦੇ ਸਮਾਨਅੰਤਰ ਰਜਵਾਹਾ ਕੱਢਣ ਦੀ ਗੱਲ ਰੱਖੀ ਸੀ।