ਪੱਤਰ ਪ੍ਰੇਰਕ
ਲੌਂਗੋਵਾਲ, 9 ਅਗਸਤ
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਖੇਤ ਸਲਾਹਕਾਰ ਸੇਵਾ ਕੇਂਦਰ ਸੰਗਰੂਰ ਦੇ ਮਾਹਿਰਾਂ ਵੱਲੋਂ ਚਿੱਟੀ ਮੱਖੀ ਦੇ ਹਮਲੇ ਸਬੰਧੀ ਸਰਵੇਖਣ ਲਈ ਕਿਸਾਨ ਭਲਾਈ ਵਿਭਾਗ ਸੁਨਾਮ ਦੇ ਅਧਿਕਾਰੀਆਂ ਦੇ ਸਹਿਯੋਗ ਨਾਲ ਨੇੜਲੇ ਪਿੰਡਾਂ ਦਾ ਦੌਰਾ ਕਰ ਕੇ ਚਿੱਟੀ ਮੱਖੀ ਦੇ ਅੰਕੜੇ ਦਰਜ ਕੀਤੇ ਗਏ। ਖੇਤੀਬਾੜੀ ਮਾਹਿਰ ਡਾ. ਬੂਟਾ ਸਿੰਘ ਰੋਮਾਣਾ ਨੇ ਦੱਸਿਆ ਕਿ ਇਨ੍ਹਾਂ ਪਿੰਡਾਂ ਵਿੱਚ ਚਿੱਟੀ ਮੱਖੀ ਦੇ ਘੱਟ ਅਤੇ ਵੱਧ ਹੋਣ ਦੇ ਅੰਕੜੇ ਦਰਜ ਕੀਤੇ ਗਏ ਹਨ। ਨਰਮੇ ਦੇ ਕੁੱਲ 65 ਖੇਤਾਂ ਵਿੱਚੋਂ 19 ਖੇਤਾਂ ਦਾ ਨਿਰੀਖਣ ਕੀਤਾ ਗਿਆ। ਇਨ੍ਹਾਂ ਵਿੱਚੋਂ 12 ਖੇਤਾਂ ਵਿੱਚ ਚਿੱਟੀ ਮੱਖੀ ਦੀ ਪ੍ਰਤੀ ਪੱਤਾ ਮਾਤਰਾ 6 ਤੋਂ ਘੱਟ ਅਤੇ 7 ਖੇਤਾਂ ਵਿੱਚ 6 ਤੋਂ ਵੱਧ ਮਾਤਰਾ ਪਾਈ ਗਈ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਕਿਸਾਨਾਂ ਨੂੰ ਉਲਾਲਾ ਜਾਂ ਓਸੀਨ ਕਰਨ ਦੀ ਸਲਾਹ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਕਿਸਾਨਾਂ ਨੇ ਬਿਨਾਂ ਸਿਫ਼ਾਰਸ਼ ਤੋਂ ਕੋਈ ਛਿੜਕਾਅ ਨਹੀਂ ਕੀਤਾ ਅਤੇ ਯੂਰੀਆ ਖਾਦ ਵੀ ਲੋੜ ਤੋਂ ਘੱਟ ਵਰਤੀ ਗਈ ਹੈ। ਕਿਸਾਨਾਂ ਨੂੰ ਚਿੱਟੀ ਮੱਖੀ ਦੇ ਹਮਲੇ ਦੀ ਰੋਕਥਾਮ ਲਈ ਜਾਣਕਾਰੀ ਦਿੱਤੀ ਗਈ।