ਜਗਤਾਰ ਸਿੰਘ ਨਹਿਲ
ਲੌਂਗੋਵਾਲ, 12 ਅਕਤੂਬਰ
ਪਿੰਡ ਢੱਡਰੀਆਂ ਵਿੱਚ ਕਿਸਾਨ ਯੂਨੀਅਨ ਵੱਲੋਂ ਜ਼ਿਲ੍ਹੇ ਤੋਂ ਬਾਹਰੋਂ ਝੋਨਾ ਲਿਆਉਣ ਤੇ ਜੋ ਟਰੱਕਾਂ ਦਾ ਘਿਰਾਓ ਕੀਤਾ ਗਿਆ ਸੀ, ਉਹ ਸਮਾਪਤ ਕਰ ਦਿੱਤਾ ਗਿਆ ਹੈ। ਇਸ ਸਬੰਧੀ ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਆਗੂ ਭਜਨ ਸਿੰਘ ਢੱਡਰੀਆਂ ਨੇ ਦੱਸਿਆ ਕਿ ਪਿੰਡ ਢੱਡਰੀਆਂ ਦੇ ਸ਼ੈੱਲਰ ਮਾਲਕਾਂ ਅਤੇ ਐੱਸਡੀਐੱਮ ਬਬਨਦੀਪ ਸਿੰਘ ਨਾਲ ਮੀਟਿੰਗ ਮਗਰੋਂ ਫ਼ੈਸਲਾ ਹੋਇਆ ਕਿ ਝੋਨਾ ਬਾਹਰ ਦੀਆਂ ਮੰਡੀਆਂ ਤੋਂ ਨਹੀਂ ਆਵੇਗਾ ਅਤੇ ਸਾਰੇ ਜ਼ਿਲ੍ਹੇ ਦੀਆਂ ਮੰਡੀਆ ਦਾ ਝੋਨਾ ਪਹਿਲ ਦੇ ਆਧਾਰ ’ਤੇ ਚੁੱਕਿਆ ਜਾਵੇਗਾ। ਇਸ ਭਰੋਸੇ ਤੋਂ ਬਾਅਦ ਕਿਰਤੀ ਕਿਸਾਨ ਯੂਨੀਅਨ ਅਤੇ ਪਿੰਡ ਵਾਸੀਆਂ ਵੱਲੋਂ ਧਰਨਾ ਸਮਾਪਤ ਕਰ ਦਿੱਤਾ ਗਿਆ।
ਕਿਰਤੀ ਕਿਸਾਨ ਯੂਨੀਅਨ ਆਗੂ ਭਜਨ ਢੱਡਰੀਆਂ ਨੇ ਦੱਸਿਆ ਕਿ ਪਿੰਡ ਢੱਡਰੀਆਂ ਵਿੱਚ ਸ਼ੈਲਰ ਮਾਲਕਾਂ ਵੱਲੋਂ ਤਰਨ ਤਾਰਨ ਜ਼ਿਲ੍ਹੇ ਦੀ ਪੱਟੀ ਮੰਡੀ ਤੋਂ ਤਿੰਨ ਟਰੱਕ ਭਰ ਕੇ ਝੋਨਾ ਲਿਆਂਦਾ ਗਿਆ ਸੀ। ਜਦੋਂਕਿ ਪਿੰਡ ਢੱਡਰੀਆਂ ਸਮੇਤ ਸੰਗਰੂਰ ਜ਼ਿਲ੍ਹੇ ਦੀਆਂ ਮੰਡੀਆਂ ਵਿੱਚ ਹਾਲੇ ਝੋਨੇ ਦੀ ਖ਼ਰੀਦ ਨੇ ਰਫਤਾਰ ਫੜਨੀ ਹੈ। ਇਨ੍ਹਾਂ ਟਰੱਕਾਂ ਸਬੰਧੀ ਸਵੇਰੇ ਪਤਾ ਲੱਗਣ ਤੇ ਕਿਰਤੀ ਕਿਸਾਨ ਯੂਨੀਅਨ ਦੇ ਆਗੂਆਂ ਅਤੇ ਵੱਡੀ ਗਿਣਤੀ ’ਚ’ ਪਿੰਡਾਂ ਦੇ ਵਰਕਰਾਂ ਵੱਲੋਂ ਟਰੱਕਾਂ ਦਾ ਘਿਰਾਓ ਕੀਤਾ ਗਿਆ। ਮੌਕੇ ’ਤੇ ਪੁਲੀਸ ਪ੍ਰਸ਼ਾਸਨ ਤੇ ਮੰਡੀ ਕਰਨ ਬੋਰਡ ਦੇ ਅਧਿਕਾਰੀਆਂ ਵੱਲੋਂ ਆ ਕੇ ਝੋਨਾ ਜ਼ਿਲ੍ਹੇ ਤੋਂ ਬਾਹਰੋਂ ਲੈ ਕੇ ਆਉਣ ਨੂੰ ਡੀਐੱਫ਼ਸੀ ਵੱਲੋਂ ਪ੍ਰਵਾਨਗੀ ਦਾ ਹਵਾਲਾ ਦਿੱਤਾ ਗਿਆ। ਕਿਰਤੀ ਕਿਸਾਨ ਯੂਨੀਅਨ ਦੇ ਆਗੂਆਂ ਵੱਲੋਂ ਐਲਾਨ ਕੀਤਾ ਗਿਆ ਕਿ ਜਿੱਥੇ ਸਰਕਾਰਾਂ ਵੱਲੋਂ ਖੇਤੀ ਕਾਨੂੰਨ ਲਿਆ ਕੇ ਕਿਸਾਨੀ ਨੂੰ ਤਬਾਹੀ ਵੱਲ ਲਿਜਾਇਆ ਜਾ ਰਿਹਾ ਹੈ, ਉੱਥੇ ਹੀ ਸੰਗਰੂਰ ਪ੍ਰਸ਼ਾਸਨ ਵੱਲੋਂ ਇਸੇ ਕਾਨੂੰਨਾਂ ਨੂੰ ਅਸਿੱਧੇ ਢੰਗ ਨਾਲ ਲਾਗੂ ਕਰਕੇ ਕਿਸਾਨੀ ਨੂੰ ਰੋਲਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਕਿਸਾਨ ਆਗੂਆਂ ਨੇਠ ਐਲਾਨ ਕੀਤਾ ਕਿ ਜਿੰਨਾ ਚਿਰ ਸੰਗਰੂਰ ਜ਼ਿਲ੍ਹੇ ਦੇ ਝੋਨੇ ਦੀ ਖ਼ਰੀਦ ਨਹੀਂ ਹੁੰਦੀ ਉਦੋਂ ਤੱਕ ਬਾਹਰੀ ਜ਼ਿਲ੍ਹੇ ਜਾਂ ਸੂਬੇ ਤੋਂ ਝੋਨੇ ਦੀ ਐਂਟਰੀ ਬੰਦ ਕੀਤੀ ਜਾਵੇਗੀ ਤੇ ਇਸ ਖ਼ਿਲਾਫ਼ ਆਉਣ ਵਾਲੇ ਸਮੇਂ ਵਿੱਚ ਸੰਘਰਸ਼ ਤਿੱਖਾ ਕੀਤਾ ਜਾਵੇਗਾ। ਹਾਲਾਂਕਿ ਸ਼ੈੱਲਰ ਮਾਲਕਾਂ ਨਾਲ ਮੀਟਿੰਗ ਮਗਰੋਂ ਕਿਸਾਨਾਂ ਨੇ ਧਰਨਾ ਵਾਪਸ ਲੈ ਲਿਆ।
ਮਾਮਲੇ ਦਾ ਹੱਲ ਹੋਣ ਤੱਕ ਟਰੱਕਾਂ ਦਾ ਘਿਰਾਓ ਜਾਰੀ ਰੱਖਿਆ ਜਾਵੇਗਾ ਤੇ ਢੱਡਰੀਆਂ ਬੱਸ ਅੱਡੇ ਉਤੇ ਹੀ ਦਿਨ ਰਾਤ ਦਾ ਪੱਕਾ ਮੋਰਚਾ ਚੱਲੇਗਾ। ਇਸ ਮੌਕੇ ਇਕਾਈ ਪ੍ਰਧਾਨ ਤੇਜਿੰਦਰ ਸਿੰਘ, ਰਣਜੀਤ ਸਿੰਘ ਢੱਡਰੀਆਂ, ਅੰਗਰੇਜ ਸਿੰਘ, ਬਲਿਹਾਰ ਸਿੰਘ ਰੱਤੋਕੇ, ਅਵਤਾਰ ਸਿੰਘ, ਜਸਵੀਰ ਸਿੰਘ ਸਾਹੋਕੇ, ਗੁਰਸੰਗਤ ਸਿੰਘ ਮੰਗਾ ਤਕੀਪੁਰ ਆਦਿ ਹਾਜ਼ਰ ਸਨ।