ਮੇਜਰ ਸਿੰਘ ਮੱਟਰਾਂ
ਭਵਾਨੀਗੜ੍ਹ, 26 ਸਤੰਬਰ
ਇੱਥੋਂ ਨੇੜਲੇ ਪਿੰਡ ਘਨੌੜ ਜੱਟਾਂ ਦੇ ਵਾਟਰ ਵਰਕਸ ਦਾ ਮੀਟਰ ਬਦਲ ਕੇ ਚਿੱਪ ਵਾਲਾ ਮੀਟਰ ਲਾਉਣ ਆਏ ਬਿਜਲੀ ਮੁਲਾਜ਼ਮਾਂ ਦਾ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਔਰਤ ਕਿਸਾਨ ਵਿੰਗ ਦੀ ਪ੍ਰਧਾਨ ਅਮਰਜੀਤ ਕੌਰ ਅਤੇ ਯੂਨੀਅਨ ਦੇ ਇਕਾਈ ਪ੍ਰਧਾਨ ਤਰਸੇਮ ਸਿੰਘ ਦੀ ਅਗਵਾਈ ਹੇਠ ਘਿਰਾਓ ਕੀਤਾ ਗਿਆ।
ਇਸ ਮੌਕੇ ਯੂਨੀਅਨ ਦੇ ਬਲਾਕ ਆਗੂ ਹਰਜੀਤ ਸਿੰਘ ਮਹਿਲਾਂ ਅਤੇ ਬਲਵਿੰਦਰ ਸਿੰਘ ਨੇ ਕਿਹਾ ਕਿ ਬਿਜਲੀ ਮਹਿਕਮੇ ਵੱਲੋਂ ਪੁਰਾਣੇ ਮੀਟਰ ਬਦਲ ਕੇ ਨਵੇਂ ਚਿੱਪ ਵਾਲੇ ਮੀਟਰ ਲਗਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਘਰਾਚੋਂ, ਸੰਘਰੇੜੀ ਆਦਿ ਪਿੰਡਾਂ ਵਿੱਚ ਲੋਕਾਂ ਵੱਲੋਂ ਚਿੱਪ ਵਾਲੇ ਮੀਟਰਾਂ ਦਾ ਵਿਰੋਧ ਕੀਤਾ ਗਿਆ। ਉਨ੍ਹਾਂ ਕਿਹਾ ਕਿ ਇਹ ਕਾਰਵਾਈ ਪ੍ਰਾਈਵੇਟ ਕੰਪਨੀਆਂ ਨੂੰ ਮੁਨਾਫੇ ਦੇਣ ਲਈ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਯੂਨੀਅਨ ਇਹ ਧੱਕੇਸ਼ਾਹੀ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕਰੇਗੀ।
ਇਸੇ ਦੌਰਾਨ ਬਿਜਲੀ ਵਿਭਾਗ ਦੇ ਐਸਡੀਓ ਘਰਾਚੋਂ ਅਕਾਸ਼ਦੀਪ ਸਿੰਘ ਅਤੇ ਜੇਈ ਪਰਮਜੀਤ ਸਿੰਘ ਵੱਲੋਂ ਮੌਕੇ ਤੇ ਪਹੁੰਚ ਕੇ ਨਵੇਂ ਚਿੱਪ ਨਾ ਲਾਉਣ ਦਾ ਭਰੋਸਾ ਦੇਣ ਉਪਰੰਤ ਬੰਦੀ ਬਿਜਲੀ ਮੁਲਾਜ਼ਮਾਂ ਨੂੰ ਛੱਡ ਦਿੱਤਾ ਗਿਆ।
ਬੀਕੇਯੂ ਡਕੌਂਦਾ ਦੇ ਵਿਰੋਧ ਕਰਕੇ ਮੁਲਾਜ਼ਮ ਬੈਰੰਗ ਪਰਤੇ
ਸ਼ੇਰਪੁਰ (ਬੀਰਬਲ ਰਿਸ਼ੀ) : ਭਾਰਤੀ ਕਿਸਾਨ ਯੂਨੀਅਨ ਡਕੌਂਦਾ ਨੇ ਅੱਜ ਜਥੇਬੰਦੀ ਦੇ ਬਲਾਕ ਪ੍ਰਧਾਨ ਕਰਮਜੀਤ ਸਿੰਘ ਛੰਨਾ ਦੀ ਅਗਵਾਈ ਹੇਠ ਵਾਟਰ ਵਰਕਸ ਕਾਤਰੋਂ ਵਿੱਚ ਚਿੱਪ ਵਾਲਾ ਮੀਟਰ ਲਗਾਉਣ ਲਈ ਆਈ ਟੀਮ ਦਾ ਤਿੱਖਾ ਵਿਰੋਧ ਕਰਕੇ ਉਸ ਨੂੰ ਬੈਰੰਗ ਵਾਪਸ ਮੋੜ ਦਿੱਤਾ। ਬੀਕੇਯੂ ਡਕੌਂਦਾ ਦੇ ਜ਼ਿਲ੍ਹਾ ਆਗੂਆਂ ਨੇ ਨਾਅਰੇਬਾਜ਼ੀ ਕਰਦਿਆਂ ਪੀਐਸਪੀਸੀਐਲ ਦੇ ਮੁਲਾਜ਼ਮਾਂ ਨੂੰ ਮੀਟਰ ਲਗਾਉਣ ਤੋਂ ਸਖ਼ਤੀ ਨਾਲ ਵਰਜ ਦਿੱਤਾ। ਉਨ੍ਹਾਂ ਕਿਹਾ ਕਿ ਚਿੱਪ ਵਾਲੇ ਮੀਟਰ ਕਿਤੇ ਵੀ ਨਹੀਂ ਲੱਗਣ ਦਿੱਤੇ ਜਾਣਗੇ। ਉਧਰ ਪਾਵਰਕੌਮ ਦੇ ਜੇਈ ਧਰਮਿੰਦਰ ਸਿੰਘ ਨੇ ਦੱਸਿਆ ਕਿ ਵਾਟਰ ਵਰਕਸ ’ਤੇ ਲੱਗਣ ਵਾਲੇ ਨਵੇਂ ਮੀਟਰ ’ਤੇ ਨਾ ਤਾਂ ਕੋਈ ਚਿੱਪ ਤੇ ਨਾ ਹੀ ਕੋਈ ਕੈਮਰਾ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਇਸ ਬਾਰੇ ਸਮਝਾਇਆ ਜਾਵੇਗਾ।