ਪੱਤਰ ਪ੍ਰੇਰਕ
ਲਹਿਰਾਗਾਗਾ, 21 ਫਰਵਰੀ
ਇਥੋਂ ਦੇ ਸੀਨੀਅਰ ਕਾਂਗਰਸੀ ਆਗੂ ਸੁਰੇਸ਼ ਕੁਮਾਰ ਸਿੰਗਲਾ ਨੂੰ ਟਰੱਕ ਯੂਨੀਅਨ ਲਹਿਰਾਗਾਗਾ ਦੇ ਪ੍ਰਧਾਨ ਵਜੋਂ ਅੱਜ ਪੰਜਾਬ ਦੀ ਸਾਬਕਾ ਮੁੱਖ ਮੰਤਰੀ ਬੀਬੀ ਰਾਜਿੰਦਰ ਕੌਰ ਭੱਠਲ ਦੇ ਸਪੁੱਤਰ ਰਾਹੁਲਇੰਦਰ ਸਿੰਘ ਸਿੱਧੂ ਨੇ ਉਨ੍ਹਾਂ ਦੀ ਤਾਜਪੋਸ਼ੀ ਕਰਦਿਆਂ ਕੁਰਸੀ ’ਤੇ ਬਿਠਾਇਆ। ਇਸ ਮੌਕੇ ਰਾਹੁਲਇੰਦਰ ਨੇ ਕਿਹਾ ਕਿ ਟਰਾਂਸਪੋਰਟਰਾਂ ਨੂੰ ਕਿਸੇ ਵੀ ਕਿਸਮ ਦੀ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਕਰੋਨਾ ਮਹਾਮਾਰੀ ਸਮੇਂ ਵੀ ਟਰੱਕਾਂ ਵਾਲੇ ਭਰਾਵਾਂ ਨੇ ਜਾਨ ਜ਼ੋਖ਼ਮ ਵਿੱਚ ਪਾ ਕੇ ਦੂਰ ਦੁਰਾਡੇ ਰਾਸ਼ਨ ਪਹੁੰਚਾਇਆ। ਇਸ ਮੌਕੇ ਉਨ੍ਹਾਂ ਨੇ ਕੇਂਦਰ ਸਰਕਾਰ ਵੱਲੋਂ ਲਗਾਤਾਰ ਪੈਟਰਲ, ਡੀਜ਼ਲ ਦੀਆਂ ਕੀਮਤਾਂ ਵਧਾਉਣ ਦੀ ਸਖ਼ਤ ਨਿਖੇਧੀ ਕੀਤੀ। ਨਵਨਿਯੁਕਤ ਪ੍ਰਧਾਨ ਸੁਰੇਸ਼ ਕੁਮਾਰ ਸਿੰਗਲਾ ਨੇ ਟਰੱਕ ਅਪਰੇਟਰਾਂ, ਸ਼ੈਲਰ ਮਾਲਕਾਂ ਅਤੇ ਸ਼ਹਿਰ ਵਾਸੀਆਂ ਦਾ ਧੰਨਵਾਦ ਕੀਤਾ। ਇਸ ਮੌਕੇ ਮਾਰਕੀਟ ਕਮੇਟੀ ਦੇ ਚੇਅਰਮੈਨ ਜਸਵਿੰਦਰ ਸਿੰਘ ਰਿੰਪੀ, ਟਰੱਕ ਯੂਨੀਅਨ ਦੇ ਸਾਬਕਾ ਪ੍ਰਧਾਨ ਕਿਰਪਾਲ ਸਿੰਘ ਨਾਥਾ, ਸਾਬਕਾ ਪ੍ਰਧਾਨ ਦਰਬਾਰਾ ਸਿੰਘ ਹੈਪੀ, ਦਰਸ਼ਨ ਸਿੰਘ ਸਰਾਓ, ਵੇਦ ਪ੍ਰਕਾਸ਼ ਜਵਾਹਰਵਾਲਾ, ਦੇਵਰਾਜ ਗੰਢੂਆਂ, ਰਤਨ ਸ਼ਰਮਾ ਆਦਿ ਹਾਜ਼ਰ ਸਨ।