ਗੁਰਦੀਪ ਸਿੰਘ ਲਾਲੀ
ਸੰਗਰੂਰ, 26 ਜੂਨ
ਸੰਗਰੂਰ ਸੰਸਦੀ ਹਲਕੇ ਦੀ ਉਪ ਚੋਣ ’ਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਦੀ ਜਿੱਤ ਤੋਂ ਬਾਅਦ ਪਾਰਟੀ ਵਰਕਰਾਂ ਅਤੇ ਸਮਰਥਕਾਂ ਵਿੱਚ ਜ਼ਸਨ ਦਾ ਮਾਹੌਲ ਹੈ। ਵੋਟਾਂ ਦੀ ਗਿਣਤੀ ਦੌਰਾਨ ਪਹਿਲੇ ਗੇੜ ਤੋਂ ਸਿਮਰਨਜੀਤ ਸਿੰਘ ਮਾਨ ਦੀ ਲੀਡ ਆਉਣ ਤੋਂ ਬਾਅਦ ਹੀ ਪਾਰਟੀ ਵਰਕਰਾਂ ਅਤੇ ਸਮਰਥਕ ਗਿਣਤੀ ਕੇਂਦਰ ਦੇਸ਼ ਭਗਤ ਕਾਲਜ ਬਰੜ੍ਹਵਾਲ ਧੂਰੀ ਅੱਗੇ ਇਕੱਠੇ ਹੋਣੇ ਸ਼ੁਰੂ ਹੋ ਗਏ ਸਨ। ਜਿੱਤ ਦਾ ਐਲਾਨ ਹੁੰਦਿਆਂ ਹੀ ਹਜ਼ਾਰਾਂ ਸਮਰਥਕਾਂ ਵੱਲੋਂ ਢੋਲ ਦੇ ਡੱਗੇ ’ਤੇ ਭੰਗੜੇ ਪਾਏ ਅਤੇ ਪਟਾਕੇ ਚਲਾਉਂਦਿਆਂ ਜਿੱਤ ਦੀ ਖੁਸ਼ੀ ’ਚ ਜ਼ਸਨ ਮਨਾਏ ਗਏ।
ਗਿਣਤੀ ਕੇਂਦਰ ਦੇ ਬਾਹਰ ਸੰਗਰੂਰ-ਲੁਧਿਆਣਾ ਹਾਈਵੇਅ ਉੱਪਰ ਪਾਰਟੀ ਵਰਕਰਾਂ ਦੇ ਟਰੈਕਟਰਾਂ ਉਪਰ ਮਰਹੂਮ ਲੋਕ ਗਾਇਕ ਸਿੱਧੂ ਮੂਸੇਵਾਲਾ ਦਾ ਚਰਚਿਤ ਗੀਤ ‘ਐਸ. ਵਾਈ.ਐਲ.’ ਗੂੰਜ ਰਿਹਾ ਸੀ ਅਤੇ ਵਰਕਰ ਖੁਸ਼ੀ ’ਚ ਝੂਮ ਰਹੇ ਸਨ। ਦੂਰ ਦੂਰ ਤੱਕ ਖਾਲਸਾਈ ਝੰਡੇ ਲਹਿਰਾਉਂਦਿਆਂ ਨੌਜਵਾਨ ਰੋਡ ਸ਼ੋਅ ਕੱਢ ਰਹੇ ਸਨ। ਮਾਨਸਾ ਹਲਕੇ ਤੋਂ ਅਸੈਂਬਲੀ ਚੋਣ ’ਚ ਸਿੱਧੂ ਮੂਸੇਵਾਲਾ ਨੂੰ ਹਰਾਉਣ ਤੋਂ ਬਾਅਦ ‘ਆਪ’ ਵਿਧਾਇਕ ਵਿਜੇ ਸਿੰਗਲਾ ਦੇ ਸਮਰਥਕਾਂ ਨੇ ਟਰੈਕਟਰ ਨਾਲ ਟੋਚਨ ਪਾ ਕੇ ਜਿਸ ਤਰ੍ਹਾਂ ‘‘ 5911 ’’ ਟਰੈਕਟਰ ਪੁੱਠਾ ਖਿੱਚ ਕੇ ਸਿੱਧੂ ਮੂਸੇਵਾਲਾ ਦੀ ਹਾਰ ’ਤੇ ਤਨਜ ਕੱਸਿਆ ਸੀ, ਉਸੇ ਤਰ੍ਹਾਂ ਅੱਜ ਸਿਮਰਨਜੀਤ ਸਿੰਘ ਮਾਨ ਦੇ ਸਮਰਥਕਾਂ ਵਲੋਂ ਟਰੈਕਟਰ ਪਿੱਛੇ ਝਾੜੂ ਬੰਨ੍ਹ ਕੇ ਸੜਕ ਉਪਰ ਝਾੜੂ ਘਸੀਟੇ ਗਏ ਅਤੇ ਆਮ ਆਦਮੀ ਪਾਰਟੀ ਉਪਰ ਤਨਜ਼ ਕੱਸਿਆ। ਨੌਜਵਾਨ ‘‘ ਵੇਖ ਰਗੜ ਕੇ ਰੱਖਤਾ ਨੀ, ਤੇਰਾ ਵੈਲੀ ਚੋਟੀ ਦਾ’ ਦੇ ਗੀਤ ਉਪਰ ਭੰਗੜੇ ਪਾ ਰਹੇ ਸਨ। ਜਿੱਤ ਦਾ ਐਲਾਨ ਹੋਣ ਮਗਰੋਂ ਸਿਮਰਨਜੀਤ ਸਿੰਘ ਮਾਨ ਕਰੀਬ ਸਵਾ ਤਿੰਨ ਵਜੇ ਗਿਣਤੀ ਕੇਂਦਰ ’ਤੇ ਜਿਉਂ ਹੀ ਪੁੱਜੇ ਤਾਂ ਵੱਡੀ ਤਾਦਾਦ ’ਚ ਸਮਰਥਕਾਂ ਵਲੋਂ ਮਾਨ ਦਾ ਸਵਾਗਤ ਕੀਤਾ ਗਿਆ। ਸਿਮਰਨਜੀਤ ਸਿੰਘ ਮਾਨ ਵੱਲੋਂ ਰਿਟਰਨਿੰਗ ਅਫ਼ਸਰ ਜਤਿੰਦਰ ਜੋਰਵਾਲ ਤੋਂ ਜੇਤੂ ਸਰਟੀਫਿਕੇਟ ਪ੍ਰਾਪਤ ਕੀਤਾ। ਇਸ ਮਗਰੋਂ ਰੋਡ ਸ਼ੋਅ ਕਰਦੇ ਹੋਏ ਧੂਰੀ ਤੋਂ ਵਾਪਸ ਸੰਗਰੂਰ ਪੁੱਜੇ। ਸ੍ਰੀ ਮਾਨ ਨੇ ਇਸ ਜਿੱਤ ਲਈ ਸੰਗਰੂਰ ਦੇ ਲੋਕਾਂ ਦਾ ਧੰਨਵਾਦ ਕੀਤਾ ਗਿਆ।
ਰਾਜਪੁਰਾ (ਬਹਾਦਰ ਸਿੰਘ ਮਰਦਾਂਪੁਰ): ਲੋਕ ਸਭਾ ਹਲਕਾ ਸੰਗਰੂਰ ਦੀ ਜ਼ਿਮਨੀ ਚੋਣ ਵਿੱਚ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਤੇ ਪਾਰਟੀ ਉਮੀਦਵਾਰ ਸਿਮਰਨਜੀਤ ਸਿੰਘ ਮਾਨ ਦੀ ਹੋਈ ਜਿੱਤ ’ਤੇ ਪਾਰਟੀ ਵਰਕਰਾਂ ਨੇ ਢੋਲ ਵਜਾ ਕੇ ਲੱਡੂ ਵੰਡ ਕੇ ਜਿੱਤ ਦੇ ਜਸ਼ਨ ਮਨਾਏ। ਇੱਥੋਂ ਦੇ ਫੁਆਰਾ ਚੌਕ ਵਿੱਚ ਪਾਰਟੀ ਆਗੂਆਂ ਜਗਜੀਤ ਸਿੰਘ ਖਾਲਸਾ, ਸਮਸ਼ੇਰ ਸਿੰਘ, ਜਸ਼ਿਵੰਦਰ ਸਿੰਘ ਤੇ ਰਾਣਾ ਸਿੰਘ ਦੀ ਅਗਵਾਈ ਵਿੱਚ ਇੱਕਠੇ ਹੋਏ ਵਰਕਰਾਂ ਨੇ ਜਿੱਤ ਦੇ ਜਸ਼ਨ ਮਨਾਏ। ਇਸ ਮੌਕੇ ਪਾਰਟੀ ਆਗੂਆਂ ਨੇ ਕਿਹਾ ਕਿ ਸਿਮਰਨਜੀਤ ਸਿੰਘ ਮਾਨ ਲੋਕ ਸਭਾ ਵਿੱਚ ਪੰਜਾਬ ਦੀ ਅਵਾਜ਼ ਬੁਲੰਦ ਕਰਨਗੇ।
ਲਹਿਰਾਗਾਗਾ (ਰਮੇਸ਼ ਭਾਰਦਵਾਜ): ਅਕਾਲੀ ਦਲ ਅੰਮ੍ਰਿਤਸਰ ਦੇ ਸਰਕਲ ਪ੍ਰਧਾਨ ਪਾਲ ਸਿੰਘ ਖਾਈ ਦੀ ਅਗਵਾਈ ’ਚ ਅੱਜ ਸ਼ਾਮ ਵਰਕਰਾਂ ਨੇ ਪਾਰਟੀ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਦੀ ਜਿੱਤ ਦੀ ਖੁਸ਼ੀ ’ਚ ਜੇਤੂ ਜਲੂਸ ਕੱਢਿਆ ਅਤੇ ਲੱਡੂ ਵੰਡੇ। ਪਾਲ ਸਿੰਘ ਖਾਈ ਨੇ ਕਿਹਾ ਕਿ ਸਿਰਮਨਜੀਤ ਮਾਨ 1999 ਤੋਂ 2004 ਤੱਕ ਪੰਜਾਬ ਦੇ ਮੁੱਦਿਆਂ ਦੀ ਗੱਲ ਕੀਤੀ ਹੈ। ਹੁਣ ਵੀ ਉਹ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ, ਚੰਡੀਗੜ੍ਹ ਪੰਜਾਬ ਯੂਨੀਵਰਸਿਟੀ ’ਤੇ ਕੇਂਦਰ ਦੇ ਦਖਲ ਦਾ ਵਿਰੋਧ ਤੇ ਬੀਬੀਐੱਮ ਮੈਨੇਜਮੈਟ ’ਚ ਪੰਜਾਬ ਦਾ ਹੱਕ ਖੋਹਣ ਵਿਰੁੱਧ ਆਵਾਜ਼ ਉਠਾਉਣਗੇ। ਸਿਮਰਨਜੀਤ ਸਿੰਘ ਮਾਨ ਵੋਟਰਾਂ ਦਾ ਧੰਨਵਾਦ ਕਰਨ ਲਈ ਹਲਕੇ ਦਾ ਦੌਰਾ ਕਰਨਗੇ।