ਰਮੇਸ਼ ਭਾਰਦਵਾਜ
ਲਹਿਰਾਗਾਗਾ, 3 ਜੂਨ
ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਮੁਖੀ ਤੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਦਾ ਕਹਿਣਾ ਹੈ ਕਿ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਸੁਖਬੀਰ ਬਾਦਲ ਅਕਾਲੀ ਆਗੂ ਨਹੀਂ ਸਗੋਂ ਸਿਰਫ਼ ਇੱਕ ਕਾਰਪੋਰੇਟਰ ਹਨ ਤੇ ਇਹ ਉਨ੍ਹਾਂ ਨਾਲ ਜੁੜੇ ਲੋਕਾਂ ਦੀ ਭੀੜ ਤੋਂ ਦੇਖਿਆ ਜਾ ਸਕਦਾ ਹੈ। ਸ੍ਰੀ ਢੀਂਡਸਾ ਨੇ ਕਿਹਾ ਕਿ ਉਨ੍ਹਾਂ ਦੀ ਲੜਾਈ ਨਿੱਜੀ ਨਹੀਂ ਬਲਕਿ ਸਿਧਾਂਤਕ ਸੀ। ਉਹ ਅੱਜ ਇੱਥੇ ਐਡਵੋਕੇਟ ਅਨਿਲ ਗਰਗ ਦੇ ਸ਼ਰਧਾਂਜਲੀ ਸਮਾਰੋਹ ਵਿਚ ਸ਼ਾਮਲ ਹੋਣ ਮੌਕੇ ਜੀਪੀਐੱਫ ਕੰਪਲੈਕਸ ਵਿਚ ਮੀਡੀਆ ਨਾਲ ਗੱਲਬਾਤ ਕਰ ਰਹੇ ਸਨ।
ਸ੍ਰੀ ਢੀਂਡਸਾ ਨੇ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਮਾਮਲੇ ਵਿੱਚ ਇਨਸਾਫ਼ ਹਾਸਲ ਕਰਨ ਲਈ ਉਹ ਉੱਥੇ ਜਾ ਕੇ ਵਾਹਿਗੁਰੂ ਅੱਗੇ ਅਰਦਾਸ ਕਰ ਕੇ ਆਏ ਹਨ ਕਿਉਂਕਿ ਸਰਕਾਰਾਂ ਅਤੇ ਅਦਾਲਤਾਂ ਤੋਂ ਇਨਸਾਫ਼ ਨਾ ਮਿਲਣ ਕਰ ਕੇ ਅਰਦਾਸ ਹੀ ਸਿੱਖਾਂ ਦਾ ਆਖ਼ਰੀ ਹਥਿਆਰ ਹੈ। ਉਨ੍ਹਾਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਸਖ਼ਤ ਸ਼ਬਦਾਂ ਵਿਚ ਆਲੋਚਨਾ ਕਰਦਿਆਂ ਕਿਹਾ ਕਿ ਉਹ ਜਦੋਂ ਵੀ ਇਹ ਮਸਲਾ ਸ੍ਰੀ ਬਾਦਲ ਕੋਲ ਉਠਾਉਂਦੇ ਸਨ ਤਾਂ ਤਤਕਾਲੀ ਮੁੱਖ ਮੰਤਰੀ ਸਿੱਟ ਬਣਾਉਣ, ਰਿਪੋਰਟ ਆਉਣ ’ਤੇ ਸਜ਼ਾਵਾਂ ਦੇਣ ਦੀ ਗੱਲ ਆਖ ਕੇ ਉਨ੍ਹਾਂ ਨੂੰ ਟਾਲ ਦਿੰਦੇ ਸਨ, ਇਸੇ ਕਰ ਕੇ ਉਹ ਸਿਧਾਂਤਕ ਲੜਾਈ ਲੜਨ ਲਈ ਬਾਦਲ ਤੋਂ ਵੱਖ ਹੋ ਕੇ ਸਾਹਮਣੇ ਆਏ ਹਨ।
ਆਮ ਆਦਮੀ ਪਾਰਟੀ ਦੇ ਤਿੰਨ ਵਿਧਾਇਕਾਂ ਦੇ ਕਾਂਗਰਸ ਵਿੱਚ ਸ਼ਾਮਲ ਹੋਣ ਬਾਰੇ ਉਨ੍ਹਾਂ ਮੀਡੀਆ ਅੱਗੇ ਖੁੱਲ੍ਹ ਕੇ ਵਿਚਾਰ ਰੱਖਣ ਤੋਂ ਗੁਰੇਜ਼ ਕੀਤਾ ਪਰ ਕਾਂਗਰਸ ਅੰਦਰ ਕੁਰਸੀ ਦੀ ਚੱਲ ਰਹੀ ਲੜਾਈ ਬਾਰੇ ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਕਾਂਗਰਸ ਸਰਕਾਰ ਨੂੰ ਕਰੋਨਾ ਬਿਮਾਰੀ ਦੇ ਟਾਕਰੇ ਜਾਂ ਪੀੜਤਾਂ ਨਾਲ ਕੋਈ ਹਮਦਰਦੀ ਨਹੀਂ। ਉਹ ਕੁਰਸੀ ਬਚਾਉਣ ਲਈ ਦੋ ਧੜਿਆਂ ਵਿਚਾਲੇ ਮੱਚੀ ਖਲਬਲੀ ਨੂੰ ਲੈ ਕੇ ਚਿੰਤਤ ਹਨ। ਸ੍ਰੀ ਢੀਂਡਸਾ ਨੇ ਕਿਹਾ ਕਿ ਅਕਾਲੀ ਦਲ (ਸੰਯੁਕਤ) ਦੀ ਕਿਸੇ ਪਾਰਟੀ ਨਾਲ ਕੋਈ ਗੱਲ ਨਹੀਂਂ ਹੋਈ ਅਤੇ ਨੇੜਲੇ ਭਵਿੱਖ ’ਚ ਪਾਰਟੀ ਨੂੰ ਬਲਾਕ, ਸਰਕਲ, ਹਲਕਾ ਪੱਧਰ ’ਤੇ ਜਥੇਬੰਦਕ ਤੌਰ ’ਤੇ ਮਜ਼ਬੂਤ ਕੀਤਾ ਜਾਵੇਗਾ। ਇਸ ਮੌਕੇ ਧਰਮ ਪ੍ਰਚਾਰ ਕਮੇਟੀ ਦੇ ਮੈਂਬਰ ਜਥੇਦਾਰ ਰਾਮਪਾਲ ਸਿੰਘ ਬਹਿਣੀਵਾਲ, ਸਾਬਕਾ ਕੌਂਸਲ ਪ੍ਰਧਾਨ ਬਲਵਿੰਦਰ ਕੌਰ, ਆੜ੍ਹਤੀ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਸੰਜੈ ਸਿੰਗਲਾ ਆਦਿ ਆਗੂ ਵੀ ਹਾਜ਼ਰ ਸਨ।