ਬੀਰਬਲ ਰਿਸ਼ੀ
ਸ਼ੇਰਪੁਰ, 14 ਅਕਤੂਬਰ
ਗੰਨਾ ਕਾਸ਼ਤਕਾਰ ਸੰਘਰਸ਼ ਕਮੇਟੀ ਨੇ ਸ਼ੂਗਰ ਮਿੱਲ ਵੱਲ ਤਿੰਨ ਕਰੋੜ ਤੋਂ ਵੱਧ ਖੜ੍ਹੀ ਬਕਾਇਆ ਰਾਸ਼ੀ ਨੂੰ ਜਾਰੀ ਕਰਨ ਵਿੱਚ ਲਗਾਤਾਰ ਕੀਤੀ ਜਾ ਰਹੀ ਟਾਲ-ਮਟੋਲ ਵਿਰੁੱਧ ਐੱਸਡੀਐੱਮ ਧੂਰੀ ਮੈਡਮ ਇਸਮਤ ਵਿਜੈ ਸਿੰਘ ਅਤੇ ਡੀਐੱਸਪੀ ਪਰਮਿੰਦਰ ਸਿੰਘ ਨੂੰ 30 ਅਕਤੂਬਰ ਤੱਕ ਬਕਾਇਆ ਰਾਸ਼ੀ ਜਾਰੀ ਕਰਵਾਏ ਜਾਣ ਦਾ ਲਿਖਤੀ ਅਲਟੀਮੇਟਮ ਦੇ ਕੇ 1 ਨਵੰਬਰ ਤੋਂ ਤਿੱਖਾ ਸੰਘਰਸ਼ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਗੰਨਾ ਸੰਘਰਸ਼ ਕਮੇਟੀ ਦੇ ਹਰਜੀਤ ਸਿੰਘ ਬੁਗਰਾ, ਕਿਰਤੀ ਕਿਸਾਨ ਯੂਨੀਅਨ ਦੇ ਸਰਬਜੀਤ ਸਿੰਘ ਅਲਾਲ ਤੇ ਸ਼ੂਗਰਕੇਨ ਸੁਸਾਇਟੀ ਦੇ ਸਾਬਕਾ ਚੇਅਰਮੈਨ ਅਵਤਾਰ ਸਿੰਘ ਤਾਰੀ ਭੁੱਲਰਹੇੜੀ ਨੇ ਦੱਸਿਆ ਕਿ ਇਸਤੋਂ ਪਹਿਲਾਂ ਬਕਾਇਆ ਰਾਸ਼ੀ ਲਈ ਮਰਨ ਵਰਤ ’ਤੇ ਬੈਠੇ ਆਗੂਆਂ ਨੂੰ ਉਠਾਏ ਜਾਣ ਮੌਕੇ ਭਾਵੇਂ ਪ੍ਰਸ਼ਾਸਨਿਕ ਅਧਿਕਾਰੀਆਂ ਹਾਜ਼ਰੀ ’ਚ ਹੋਏ ਸਮਝੌਤੇ ਤਹਿਤ ਤਕਰੀਬਨ ਇੱਕ ਕਰੋੜ ਦੀ ਬਕਾਇਆ ਰਾਸ਼ੀ ਤਾਂ ਪਾਈ ਗਈ ਪਰ ਬਾਅਦ ਵਿੱਚ ਬਕਾਇਆ ਰਾਸ਼ੀ ਦੀ ਕਿਸ਼ਤ ਕਿਸਾਨ ਖਾਤਿਆਂ ਵਿੱਚ ਪਾਏ ਜਾਣ ਤੋਂ ਬੰਦ ਕਰਕੇ ਕਿਸਾਨਾਂ ਨਾਲ ਇੱਕ ਫਿਰ ਵਾਅਦਾਖ਼ਿਲਾਫ਼ੀ ਕੀਤੀ। ਆਗੂਆਂ ਨੇ ਦੱਸਿਆ ਕਿ ਹੁਣ ਸੰਨ 2020-2021 ਦਾ 3.15 ਕਰੋੜ ਅਤੇ ਸੰਨ 2019-2020 ਦਾ 24.52 ਲੱਖ ਰੁਪਏ ਬਕਾਇਆ ਖੜ੍ਹਾ ਹੈ। ਆਗੂਆਂ ਅਨੁਸਾਰ ਜਿਹੜੇ ਕਿਸਾਨਾਂ ਨੇ ਅਗਾਉਂ ਪੈਸੇ ਦੇ ਕੇ ਠੇਕਿਆਂ ’ਤੇ ਜ਼ਮੀਨਾਂ ਲੈ ਕੇ ਗੰਨੇ ਦੀ ਫਸਲ ਬੀਜੀ ਸੀ ਉਨ੍ਹਾਂ ਨੂੰ ਆਪਣੀ ਵੇਚੀ ਫਸਲ ਦਾ ਮੁੱਲ ਨਾ ਮਿਲਣ ਕਰਕੇ ਉਨ੍ਹਾਂ ਦੇ ਘਰਾਂ ਦੀ ਆਰਥਿਕ ਹਾਲਤ ਪੇਤਲੀ ਹੋ ਚੁੱਕੀ ਹੈ। ਕਿਰਤੀ ਕਿਸਾਨ ਯੂਨੀਅਨ ਦੇ ਆਗੂ ਸਰਬਜੀਤ ਸਿੰਘ ਅਲਾਲ ਨੇ ਵੱਖਰੇ ਬਿਆਨ ਰਾਹੀਂ ਦੱਸਿਆ ਕਿ 1 ਨਵੰਬਰ ਨੂੰ ਉਹ ਭੁੱਖ ਹੜਤਾਲ ’ਤੇ ਹਰ ਹਾਲਤ ਬੈਠਣਗੇ ਜਦੋਂਕਿ ਇਸਦੇ ਸਮਾਨਾਂਤਰ ਹੀ ਸੰਘਰਸ਼ ਨੂੰ ਹੋਰ ਤਿੱਖਾ ਰੂਪ ਦੇਣ ਲਈ ਪ੍ਰਭਾਵਸ਼ਾਲੀ ਸੰਘਰਸ਼ ਦੀ ਵਿਉਂਤਬੰਦੀ ਲਈ 16 ਅਕਤੂਬਰ ਨੂੰ ਗੰਨਾ ਕਾਸ਼ਤਕਾਰਾਂ ਦੀ ਮੀਟਿੰਗ ਸੱਦ ਲਈ ਗਈ ਹੈ।