ਹਰਦੀਪ ਸਿੰਘ ਸੋਢੀ
ਧੂਰੀ, 22 ਸਤੰਬਰ
ਗੰਨਾ ਮਿੱਲ ਵੱਲ ਰਹਿੰਦੀ ਬਕਾਇਆ ਅਦਾਇਗੀ ਕਰਵਾਉਣ ਦੀ ਮੰਗ ਨੂੰ ਲੈ ਕੇ ਗੰਨਾ ਕਾਸ਼ਤਕਾਰ ਸੰਘਰਸ਼ ਕਮੇਟੀ ਦੀ ਅਗਵਾਈ ਹੇਠ ਸ਼ੁਰੂ ਕੀਤਾ ਗਿਆ ਧਰਨਾ ਅੱਜ 9 ਵੇਂ ਦਿਨ ਵੀ ਜਾਰੀ ਰਿਹਾ। ਧਰਨੇ ਦੌਰਾਨ ਜਿੱਥੇ ਪ੍ਰਦਰਸ਼ਨਕਾਰੀਆਂ ਨੇ ਪੰਜਾਬ ਸਰਕਾਰ ਤੇ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ, ਉਥੇ ਹੀ ਗੰਨਾ ਮਿੱਲ ਦੀ ਚਿਮਨੀ ’ਤੇ ਸਲਫਾਸ ਤੇ ਪੈਟਰੋਲ ਦੀ ਬੋਤਲ ਲੈ ਕੇ ਚੜ੍ਹੇ ਸੰਘਰਸ਼ ਕਮੇਟੀ ਦੇ ਚੇਅਰਮੈਨ ਹਰਜੀਤ ਸਿੰਘ ਬੁਗਰਾ ਅਤੇ ਸੁਖਵੰਤ ਸਿੰਘ ਵੱਲੋਂ ਲਗਾਤਾਰ ਤੀਜੇ ਦਿਨ ਭੁੱਖ ਹੜਤਾਲ ਜਾਰੀ ਸੀ। ਧਰਨੇ ਦੌਰਾਨ ਅਵਤਾਰ ਸਿੰਘ ਤਾਰੀ ਅਤੇ ਸਰਬਜੀਤ ਸਿੰਘ ਅਲਾਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਪਿਛਲੇ 9 ਦਿਨਾਂ ਤੋਂ ਆਪਣੇ ਵੱਲੋਂ ਵੇਚੇ ਹੋਏ ਗੰਨੇ ਦੀ ਅਦਾਇਗੀ ਦੀ ਮੰਗ ਨੂੰ ਲੈ ਕੇ ਰੋਸ ਪ੍ਰਦਰਸ਼ਨ ਕਰ ਰਹੇ ਹਨ ਅਤੇ ਸੰਘਰਸ਼ ਕਮੇਟੀ ਦੇ ਚੇਅਰਮੈਨ ਹਰਜੀਤ ਸਿੰਘ ਬੁਗਰਾ ਤੇ ਗੰਨਾ ਕਾਸ਼ਤਕਾਰ ਸੁਖਵੰਤ ਸਿਘ ਪਿਛਲੇ ਤਿੰਨ ਦਿਨਾਂ ਤੋਂ ਖੰਡ ਮਿੱਲ ਦੀ 100 ਫੁੱਟ ਉੱਚੀ ਚਿਮਨੀ ’ਤੇ ਚੜ੍ਹ ਕੇ ਭੁੱਖ ਹੜਤਾਲ ਕਰ ਰਹੇ ਹਨ ਪਰ ਮਿੱਲ ਪ੍ਰਬੰਧਕਾਂ ਦੇ ਕੰਨਾਂ ’ਤੇ ਜੂੰਅ ਤੱਕ ਨਹੀਂ ਸਰਕ ਰਹੀ, ਸਗੋਂ ਮਿੱਲ ਪ੍ਰਬੰਧਕਾਂ ਵੱਲੋਂ ਅਦਾਲਤ ਵਿੱਚ ਬੋਲੀ ਨਾ ਹੋਣ ਦੇਣ ਸਬੰਧੀ ਸਟੇਅ ਲੈਣ ਲਈ ਕੇਸ ਦਾਇਰ ਕਰਕੇ ਕਿਸਾਨਾਂ ਨਾਲ ਧੋਖਾ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇ ਖੰਡ ਮਿੱਲ ਪ੍ਰਬੰਧਕ ਉਨ੍ਹਾਂ ਦੇ ਗੰਨੇ ਦੀ ਅਦਾਇਗੀ ਕਰਨ ਵਿੱਚ ਅਸਮਰਥ ਹਨ ਤਾਂ ਫਿਰ ਉਹ ਆਪਣੀ ਜ਼ਮੀਨ ਦੀ ਨਿਲਾਮੀ ’ਤੇ ਇਤਰਾਜ਼ ਕਿਉਂ ਜਤਾ ਰਹੇ ਹਨ? ਉਨ੍ਹਾਂ ਕਿਹਾ ਕਿ 23 ਸਤੰਬਰ ਸ਼ੁੱਕਰਵਾਰ ਨੂੰ ਵੱਡੀ ਗਿਣਤੀ ’ਚ ਗੰਨਾ ਕਾਸ਼ਤਕਾਰ ਡੀ.ਸੀ. ਸੰਗਰੂਰ ਦੇ ਦਫ਼ਤਰ ’ਚ ਪ੍ਰਦਰਸ਼ਨ ਕਰਨਗੇ ਤੇ ਜੇ ਫਿਰ ਵੀ ਕੋਈ ਹੱਲ ਨਾ ਹੋਇਆ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ।
ਕੀ ਕਹਿੰਦੇ ਨੇ ਤਹਿਸੀਲਦਾਰ
ਤਹਿਸੀਲਦਾਰ ਕੁਲਦੀਪ ਸਿੰਘ ਨੇ ਕਿਹਾ ਕਿ ਉਹ ਲਗਾਤਾਰ ਮਿੱਲ ਮਾਲਕਾਂ ਅਤੇ ਪ੍ਰਦਰਸ਼ਨਕਾਰੀ ਕਿਸਾਨਾਂ ਨਾਲ ਰਾਬਤਾ ਬਣਾ ਕੇ ਰੱਖ ਰਹੇ ਹਨ ਤਾਂ ਜੋ ਇਸ ਮਾਮਲੇ ਨੂੰ ਹੱਲ ਕੀਤਾ ਜਾ ਸਕੇ। ਉਨ੍ਹਾਂ ਮਿੱਲ ਪ੍ਰਬੰਧਕਾਂ ਵੱਲੋਂ ਪ੍ਰਸ਼ਾਸਨ ’ਤੇ ਬੋਲੀ ਕਰਵਾਉਣ ਸਬੰਧੀ ਕੀਤੇ ਗਏ ਅਦਾਲਤੀ ਕੇਸ ਬਾਰੇ ਪੁੱਛਣ ’ਤੇ ਕਿਹਾ ਕਿ ਉਹ ਅੱਜ ਇਸ ਮਾਮਲੇ ਸਬੰਧੀ ਅਦਾਲਤ ਵਿੱਚ ਪੇਸ਼ ਹੋਏ ਸੀ ਅਤੇ ਅਦਾਲਤ ਵੱਲੋਂ 28 ਸਤੰਬਰ ਤੱਕ ਜਵਾਬ ਪੇਸ਼ ਕਰਨ ਦੇ ਆਦੇਸ਼ ਮਿਲੇ ਹਨ।