ਖੇਤਰੀ ਪ੍ਰਤੀਨਿਧ
ਧੂਰੀ, 4 ਮਾਰਚ
ਸ਼ਹਿਰ ਅੰਦਰ ਕੱਕੜਵਾਲ ਪੁਲ ਨੇੜੇ ਲੋਕਾਂ ਨੇ ਲੰਘੀ ਸ਼ਾਮ ਇਕ ਗੁਦਾਮ ਵਿੱਚੋਂ ਚੋਰੀ ਕਰਦੇ ਦੋ ਨੌਜਵਾਨਾਂ ਨੂੰ ਕਾਬੂ ਕਰਕੇ ਪੁਲੀਸ ਹਵਾਲੇ ਕਰ ਦਿੱਤਾ। ਕੱਕੜਵਾਲ ਪੁਲ ’ਤੇ ਸਥਿਤ ਕਰਿਆਨੇ ਦੀ ਦੁਕਾਨ ਦੇ ਗੁਦਾਮ ਵਿੱਚੋਂ ਤੇਲ ਦੇ ਪੀਪੇ ਚੋਰੀ ਕਰਦੇ ਦੋ ਨੌਜਵਾਨ ਲੋਕਾਂ ਦੀ ਨਿਗ੍ਹਾ ਚੜ੍ਹ ਗਏ ਅਤੇ ਲੋਕਾਂ ਨੇ ਇਨ੍ਹਾਂ ਨੌਜਵਾਨਾਂ ਨੂੰ ਕਾਬੂ ਕਰਕੇ ਉਨ੍ਹਾਂ ਦੀ ਚੰਗੀ ਭੁਗਤ ਸਵਾਰੀ। ਬਾਅਦ ਵਿੱਚ ਸਥਾਨਕ ਪੁਲੀਸ ਨੂੰ ਬੁਲਾ ਕੇ ਲੋਕਾਂ ਨੇ ਦੋਵੇਂ ਨੌਜਵਾਨਾਂ ਨੂੰ ਪੁਲੀਸ ਦੇ ਹਵਾਲੇ ਕਰ ਦਿੱਤਾ। ਸਿਟੀ ਪੁਲਸ ਦੇ ਅਧਿਕਾਰੀ ਨੇ ਉਪਰੋਕਤ ਘਟਨਾ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਘਟਨਾ ਸੰਬੰਧੀ ਜਸਵਿੰਦਰ ਸਿੰਘ ਵਾਸੀ ਰੂਪਾਹੇੜੀ ਤੇ ਗੁਰਮੁੱਖ ਸਿੰਘ ਵਾਸੀ ਦੋਹਲਾ ਦੇ ਖਿਲਾਫ ਚੋਰੀ ਕਰਨ ਦੇ ਦੋਸ਼ ਹੇਠ ਮੁਕੱਦਮਾ ਦਰਜ ਕੀਤਾ ਗਿਆ ਹੈ।