ਨਿਜੀ ਪੱਤਰ ਪ੍ਰੇਰਕ
ਸੰਗਰੂਰ, 19 ਮਈ
ਤਿੰਨ ਵਿਦਿਆਰਥੀ ਜਥੇਬੰਦੀਆਂ ਵਲੋਂ ਪੰਜਾਬ ਸਰਕਾਰ ਦੇ ਨਵੇਂ ਸਰਕਾਰੀ ਕਾਲਜਾਂ ਦੀ ਉਸਾਰੀ ਲਈ ਅੱਠ ਸਰਕਾਰੀ ਕਾਲਜਾਂ ਤੋਂ ਪੰਜ-ਪੰਜ ਲੱਖ ਰੁਪਏ ਮੰਗਣ, ਪੰਜਾਬ ਦੇ ਉੱਚ ਸਿੱਖਿਆ ਵਿਭਾਗ ਵਲੋਂ ਸਰਕਾਰੀ ਤੇ ਹੋਰ ਕਾਲਜਾਂ ਤੋਂ ਪੀਟੀਏ ਫੰਡ ਤੇ ਵਿਦਿਆਰਥੀ ਭਲਾਈ ਫੰਡਾਂ ਵਿਚੋਂ ਕਥਿਤ ਤੌਰ ’ਤੇ ਪੈਸੇ ਮੰਗਣ ਦੇ ਖ਼ਿਲਾਫ਼ ਇਥੇ ਸਰਕਾਰੀ ਰਣਬੀਰ ਕਾਲਜ ਅੱਗੇ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਵਿਦਿਆਰਥੀ ਤੇ ਸਿੱਖਿਆ ਵਿਰੋਧੀ ਅਜਿਹੇ ਫੁਰਮਾਨਾਂ ਨੂੰ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ। ਇਸ ਮੌਕੇ ਪੰਜਾਬ ਸਟੂਡੈਂਟਸ ਯੂਨੀਅਨ (ਸ਼ਹੀਦ ਰੰਧਾਵਾ) ਦੇ ਆਗੂ ਰਮਨ ਸਿੰਘ ਕਾਲਾਝਾੜ, ਪੰਜਾਬ ਸਟੂਡੈਂਟਸ ਯੂਨੀਅਨ (ਲਲਕਾਰ) ਦੇ ਭਿੰਦਰ ਸਿੰਘ ਅਤੇ ਪੰਜਾਬ ਰੈਡੀਕਲ ਸਟੂਡੈਂਟਸ ਯੂਨੀਅਨ ਦੀ ਜੋਤੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਪਿਛਲੇ ਦਿਨੀਂ ਪੰਜਾਬ ਦੇ ਉੱਚ ਸਿੱਖਿਆ ਵਿਭਾਗ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਦੋ ਵੱਖ ਵੱਖ ਪੱਤਰ ਜਾਰੀ ਕਰਕੇ ਸਰਕਾਰੀ ਤੇ ਕਾਂਸਟੀਚੁਐਂਟ ਕਾਲਜਾਂ ਤੋਂ ਪੀ ਟੀ ਏ (ਪੇਰੇਂਟਸ ਟੀਚਰਜ਼ ਐਸੋਸੀਏਸ਼ਨ) ਫੰਡ ਤੇ ਹੋਰ ਵਿਦਿਆਰਥੀ ਭਲਾਈ ਫੰਡਾਂ ਚੋਂ ਪੈਸੇ ਮੰਗੇ ਹਨ, ਜੋ ਗੈਰ ਵਾਜਬ ਹੈ। ਅਜਿਹੇ ਵਿਦਿਆਰਥੀ ਤੇ ਸਿੱਖਿਆ ਵਿਰੋਧੀ ਹੁਕਮ ਤੁਰੰਤ ਵਾਪਸ ਲਏ ਜਾਣ। ਇਸ ਮੌਕੇ ਗੁਰਜਿੰਦਰ ਸਿੰਘ ਬਿੱਟੂ,ਨਾਟੀ ਝਨੇੜੀ, ਜਸ਼ਨ ਚੰਗਾਲ, ਹਰਪ੍ਰੀਤ, ਬਬਲੂ ਆਦਿ ਹਾਜ਼ਰ ਸਨ।
ਸੁਨਾਮ ਊਧਮ ਸਿੰਘ ਵਾਲਾ(ਬੀਰ ਇੰਦਰ ਸਿੰਘ ਬਨਭੌਰੀ):ਪੰਜਾਬ ਦੇ ਉੱਚ ਸਿੱਖਿਆ ਵਿਭਾਗ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਸਰਕਾਰੀ ਤੇ ਕਾਂਸਟੀਚੁਐਂਟ ਕਾਲਜਾਂ ਤੋਂ ਪੀਟੀਏ ਫੰਡ ਤੇ ਹੋਰ ਵਿਦਿਆਰਥੀ ਭਲਾਈ ਫੰਡਾਂ ਚੋਂ ਪੈਸੇ ਮੰਗਣ ਨੂੰ ਗਲਤ ਦੱਸਦਿਆਂ ਵਿਦਿਆਰਥੀਆਂ ਵੱਲੋਂ ਸੁਨਾਮ ’ਚ ਰੋਸ ਪ੍ਰਦਰਸ਼ਨ ਕੀਤਾ ਗਿਆ। ਇਥੋਂ ਦੇ ਸ਼ਹੀਦ ਊਧਮ ਸਿੰਘ ਸਰਕਾਰੀ ਕਾਲਜ ਚੇ ਮੁੱਖ ਗੇਟ ਤੇ ਪੰਜਾਬ ਸਟੂਡੈਂਟਸ ਯੂਨੀਅਨ (ਸ਼ਹੀਦ ਰੰਧਾਵਾ) ਦੀ ਅਗਵਾਈ ਚ ਇਕਠੇ ਹੋਏ ਵਿਦਿਆਰਥੀਆਂ ਨੂੰ ਹੁਸ਼ਿਆਰ ਸਲੇਮਗੜ ਤੇ ਕੁਲਦੀਪ ਕੌਰ ਨੇ ਸੰਬੋਧਨ ਕੀਤਾ। ਇਸ ਮੌਕੇ ਸੁਰੇਸ਼ ਸੁਨਾਮ, ਸਾਹਿਲ, ਕੁਲਦੀਪ ਕੌਰ ਤੇ ਰਮਨਦੀਪ ਕੌਰ ਆਦਿ ਹਾਜ਼ਰ ਸਨ।