ਬੀਰਬਲ ਰਿਸ਼ੀ
ਸ਼ੇਰਪੁਰ, 21 ਜੂਨ
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਪਿੰਡ ਹੇੜੀਕੇ ਦੇ ਵਸੋਂ ਵਾਲੇ ਇਲਾਕੇ ’ਚ ਮੋਬਾਈਲ ਟਾਵਰ ਲਗਾਏ ਜਾਣ ਖ਼ਿਲਾਫ਼ ਆਪਣੇ ਰੋਸ ਦਾ ਪ੍ਰਗਟਾਵਾ ਕਰਦਿਆਂ ਇਸ ਦਾ ਤਿੱਖਾ ਵਿਰੋਧ ਕੀਤਾ ਬੀਕੇਯੂ ਏਕਤਾ ਉਗਰਾਹਾਂ ਦੇ ਬਲਾਕ ਪ੍ਰਧਾਨ ਮਲਕੀਤ ਸਿੰਘ, ਇਕਾਈ ਆਗੂ ਬਲਦੇਵ ਸਿੰਘ, ਹਰਬੰਸ ਸਿੰਘ ਅਤੇ ਗੁਰਚੇਤ ਸਿੰਘ ਨੇ ਦਾਅਵਾ ਕਰਦਿਆਂ ਕਿਹਾ ਕਿ ਵਸੋਂ ਵਾਲੇ ਇਲਾਕੇ ਵਿੱਚ ਮੋਬਾਇਲ ਟਾਵਰ ਦੀਆਂ ਕਿਰਨਾ ਗਰਭਵਤੀ ਔਰਤਾਂ, ਬੱਚਿਆਂ ਅਤੇ ਆਮ ਲੋਕਾਂ ਲਈ ਬਹੁਤ ਜਿਆਦਾ ਘਾਤਕ ਹਨ ਅਤੇ ਜਥੇਬੰਦੀ ਲੋਕਾਂ ਦੀ ਸਿਹਤ ਨਾਲ ਖਿਲਵਾੜ ਨੂੰ ਮੂਕ ਦਰਸ਼ਕ ਬਣਕੇ ਨਹੀਂ ਵੇਖੇਗੀ। ਆਗੂਆਂ ਨੇ ਕਿਹਾ ਕਿ ਪ੍ਰਸ਼ਾਸਨਿਕ ਅਧਿਕਾਰੀ ਇਸ ਮਾਮਲੇ ਵਿੱਚ ਤੁਰੰਤ ਦਖਲ ਦੇ ਕੇ ਲੋਕਾਂ ਦੇ ਇਸ ਮੁੱਦੇ ਨੂੰ ਗੰਭੀਰਤਾ ਨਾਲ ਲੈ ਕੇ ਇਸ ਟਾਵਰ ਨੂੰ ਵਸੋਂ ਵਾਲੇ ਇਲਾਕੇ ਦੀ ਥਾਂ ਪਿੰਡ ਦੇ ਬਾਹਰਵਾਰ ਲਗਾਏ ਜਾਣ ਨੂੰ ਯਕੀਨੀ ਬਣਾਉਣ। ਆਗੂਆਂ ਦਾ ਕਹਿਣਾ ਹੈ ਕਿ ਭਾਵੇਂ ਕਿਸਾਨ ਜਥੇਬੰਦੀ ਦੇ ਵਿਰੋਧ ਤੋਂ ਮਗਰੋਂ ਇੱਕ ਵਾਰ ਇਸ ਕਾਰਜ ਨੂੰ ਸਬੰਧਤ ਵੱਲੋਂ ਰੋਕ ਲਿਆ ਲੈਣ ਸਬੰਧੀ ਪਤਾ ਲੱਗਿਆ ਹੈ ਪਰ ਜੇਕਰ ਫਿਰ ਵੀ ਲੋਕ ਭਾਵਨਾਵਾਂ ਦੇ ਉਲਟ ਟਾਵਰ ਲਗਾਉਣ ਦੀ ਕੋਸ਼ਿਸ਼ ਹੋਈ ਤਾਂ ਕਿਸਾਨ ਜਥੇਬੰਦੀ ਤਿੱਖੇ ਸੰਘਰਸ਼ ਤੋਂ ਗੁਰੇਜ ਨਹੀਂ ਕਰੇਗੀ।