ਗੁਰਦੀਪ ਸਿੰਘ ਲਾਲੀ
ਸੰਗਰੂਰ, 31 ਜੁਲਾਈ
ਸੰਯੁਕਤ ਕਿਸਾਨ ਮੋਰਚੇ ਦੇ ਰੇਲ ਰੋਕੋ ਸੱਦੇ ਤਹਿਤ ਮੋਰਚੇ ’ਚ ਸ਼ਾਮਲ ਵੱਖ-ਵੱਖ ਕਿਸਾਨ ਜਥੇਬੰਦੀਆਂ ਵੱਲੋਂ ਅੱਜ ਸਥਾਨਕ ਰੇਲਵੇ ਸਟੇਸ਼ਨ ’ਤੇ ਰੇਲਵੇ ਟਰੈਕ ਉੱਪਰ ਚਾਰ ਘੰਟੇ ਰੋਸ ਧਰਨਾ ਦਿੰਦਿਆਂ ਰੇਲਾਂ ਦੀ ਆਵਾਜਾਈ ਠੱਪ ਰੱਖੀ ਗਈ। ਕਿਸਾਨੀ ਮੰਗਾਂ ਪ੍ਰਤੀ ਕੇਂਦਰ ਸਰਕਾਰ ਦੀ ਵਾਅਦਾ ਖ਼ਿਲਾਫ਼ੀ ਵਿਰੁੱਧ ਆਵਾਜ਼ ਬੁਲੰਦ ਕੀਤੀ ਗਈ। ਰੇਲ ਰੋਕੋ ਪ੍ਰੋਗਰਾਮ ਵਿਚ ਵੱਡੀ ਤਾਦਾਦ ’ਚ ਕਿਸਾਨ-ਮਜ਼ਦੂਰਾਂ ਨੇ ਸ਼ਮੂਲੀਅਤ ਕੀਤੀ। ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਆਗੂਆਂ ਵੱਲੋਂ ਸ਼ਹੀਦ ਊਧਮ ਸਿੰਘ ਸੁਨਾਮ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਅਹਿਦ ਲਿਆ ਕਿ ਕਿਸਾਨੀ ਮੰਗਾਂ ਦੀ ਪੂਰਤੀ ਤੱਕ ਸੰਘਰਸ਼ ਜਾਰੀ ਰਹੇਗਾ।
ਧਰਨੇ ਦੀ ਪ੍ਰਧਾਨਗੀ ਕੁਲ ਹਿੰਦ ਕਿਸਾਨ ਫੈੱਡਰੇਸ਼ਨ ਦੇ ਸੂਬਾ ਆਗੂ ਐਡਵੋਕੇਟ ਕਿਰਨਜੀਤ ਸਿੰਘ ਸੇਖੋਂ, ਭਾਕਿਯੂ ਏਕਤਾ ਡਕੌਂਦਾ ਦੇ ਸੂਬਾ ਮੀਤ ਪ੍ਰਧਾਨ ਗੁਰਮੀਤ ਸਿੰਘ ਭੱਟੀਵਾਲ, ਕੁਲ ਹਿੰਦ ਕਿਸਾਨ ਸਭਾ ਦੇ ਆਗੂ ਮੇਜਰ ਸਿੰਘ ਪੁੰਨਾਂਵਾਲ, ਜਮਹੂਰੀ ਕਿਸਾਨ ਸਭਾ ਦੇ ਊਧਮ ਸਿੰਘ ਸੰਤੋਖਪੁਰਾ, ਕੁਲ ਹਿੰਦ ਕਿਸਾਨ ਸਭਾ ਅਜੇ ਭਵਨ ਦੇ ਆਗੂ ਹਰਦੇਵ ਸਿੰਘ ਬਖ਼ਸ਼ੀਵਾਲਾ, ਕਿਸਾਨ ਆਗੂ ਕਰਮਜੀਤ ਸਿੰਘ ਵਲੋਂ ਕੀਤੀ ਗਈ। ਧਰਨੇ ’ਚ ਪੰਜਾਬ ਕਿਸਾਨ ਸਭਾ ਦੇ ਪ੍ਰਧਾਨ ਰੁਲਦੂ ਸਿੰਘ ਮਾਨਸਾ ਵੀ ਉਚੇਚੇ ਤੌਰ ’ਤੇ ਸ਼ਾਮਲ ਹੋਏ। ਵੱਖ-ਵੱਖ ਆਗੂਆਂ ਨੇ ਸੰਬੋਧਨ ਕਰਦਿਆਂ ਕੇਂਦਰ ਸਰਕਾਰ ਦੇ ਕਿਸਾਨ ਵਿਰੋਧੀ ਰਵੱਈਏ ਦੀ ਸਖਤ ਨਿਖੇਧੀ ਕਰਦਿਆਂ ਕਿਹਾ ਕਿ ਮੋਦੀ ਸਰਕਾਰ ਨੇ ਕਿਸਾਨਾਂ ਨਾਲ ਵਾਅਦਾ ਖ਼ਿਲਾਫ਼ੀ ਕੀਤੀ ਹੈ।
ਕਿਸਾਨ ਆਗੂਆਂ ਨੇ ਅੱਜ ਸ਼ਹੀਦੀ ਦਿਹਾੜੇ ’ਤੇ ਸ਼ਹੀਦ ਊਧਮ ਸਿੰਘ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਅਹਿਦ ਲਿਆ ਕਿ ਮੰਗਾਂ ਦੀ ਪ੍ਰਾਪਤੀ ਤੱਕ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਹੇਠ ਸੰਘਰਸ਼ ਜਾਰੀ ਰਹੇਗਾ।
ਪਟਿਆਲਾ (ਸਰਬਜੀਤ ਸਿੰਘ ਭੰਗੂ): ਅੱਜ ਪਟਿਆਲਾ ਜ਼ਿਲ੍ਹੇ ’ਚ ਚਾਰ ਥਾਈਂ ਰੇਲਵੇ ਲਾਈਨਾਂ ’ਤੇ ਧਰਨੇ ਮਾਰ ਕੇ ਆਵਾਜਾਈ ਰੋਕੀ ਗਈ। ਇਸ ਦੌਰਾਨ ਨਵੀ ਬਣੀ ਭਾਰਤੀ ਕਿਸਾਨ ਯੂਨੀਅਨ (ਭਟੇੜੀ) ਵੱਲੋਂ ਸੂਬਾਈ ਪ੍ਰਧਾਨ ਜੰਗ ਸਿੰਘ ਭਟੇੜੀ ਤੇ ਜਨਰਲ ਸਕੱਤਰ ਗੁਰਧਿਆਨ ਸਿਓਣਾ ਦੀ ਅਗਵਾਈ ਹੇਠ ਰੇਲਵੇ ਸਟੇਸ਼ਨ ਪਟਿਆਲਾ ਦੇ ਨੇੜੇ ਧਰਨਾ ਦਿੱਤਾ ਗਿਆ। ਇਸੇ ਤਰ੍ਹਾਂ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਜ਼ਿਲ੍ਹਾ ਪ੍ਰਧਾਨ ਮਨਜੀਤ ਸਿੰਘ ਨਿਆਲ਼ ਦੀ ਅਗਵਾਈ ਹੇਠਾਂ ਧਬਲਾਨ ’ਚ ਧਰਨਾ ਮਾਰ ਕੇ ਰੇਲਵੇ ਆਵਾਜਾਈ ਰੋਕੀ ਗਈ। ਧਰਨੇ ’ਚ ਬਸੰਤੀ ਚੁੰਨੀਆਂ ਲੈ ਕੇ ਔਰਤਾਂ ਵੀ ਵੱਡੀ ਗਿਣਤੀ ’ਚ ਸ਼ਾਮਲ ਹੋਈਆਂ। ਬਲਰਾਜ ਜੋਸ਼ੀ, ਜਸਵਿੰਦਰ ਬਰਾਸ ਤੇ ਕਰਨੈਲ ਲੰਗ ਸਣੇ ਕਈ ਹੋਰਨਾਂ ਨੇ ਵੀ ਸੰਬੋਧਨ ਕੀਤਾ।
ਇਸੇ ਦੌਰਾਨ ਸੰਯੁਕਤ ਕਿਸਾਨ ਮੋਰਚੇ ਦੇ ਬੁਲਾਰੇ ਡਾ. ਦਰਸ਼ਨਪਾਲ ਨੇ ਕਿਹਾ ਕਿ ਰੇਲਾਂ ਰੋਕਣ ਦਾ ਦੇਸ਼ ਵਿਆਪੀ ਸੱਦਾ ਐੱਮਐੱਸਪੀ ਦੀ ਗਾਰੰਟੀ, ਕਿਸਾਨਾਂ ’ਤੇ ਮੜ੍ਹੇ ਝੂਠੇ ਕੇਸ ਰੱਦ ਕਰਵਾਉਣ, ਲਖੀਮਪੁਰ ਖੀਰੀ ਕਤਲਕਾਂਡ ਦੇ ਦੋਸ਼ੀਆਂ ਨੂੰ ਸਜ਼ਾ ਤੇ ਸ਼ਹੀਦਾਂ ਨੂੰ ਮੁਆਵਜ਼ਾ, ਬਿਜਲੀ ਐਕਟ 2020 ਰੱਦ ਕਰਨ ਸਣੇ ਹੋਰ ਮੰਗਾਂ ਅਤੇ ਮਸਲਿਆਂ ’ਤੇ ਆਧਾਰਿਤ ਸੀ।
ਉਧਰ ਸੁਰਜੀਤ ਸਿੰਘ ਫੂਲ ਦੀ ਅਗਵਾਈ ਹੇਠਲੀ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਵੱਲੋਂ ਕੌਲੀ ਸਟੇਸ਼ਨ ’ਤੇ ਧਰਨਾ ਮਾਰਿਆ ਗਿਆ। ਇਸ ਦੌਰਾਨ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਸਵਾਜਪੁਰ, ਦਰਸ਼ਨ ਸਿੰਘ ਲਾਡੀ ਢੈਂਠਲ ਆਦਿ ਹਾਜ਼ਰ ਸਨ। ਕ੍ਰਾਂਤੀਕਾਰੀ ਕਿਸਾਨ ਯੂਨੀਅਨ, ਭਾਰਤੀ ਕਿਸਾਨ ਮੰਚ, ਕਿਸਾਨ ਯੂਨੀਅਨ ਏਕਤਾ ਸਣੇ ਸੰਯੁਕਤ ਕਿਸਾਨ ਮੋਰਚੇ ਵਿਚਲੀਆਂ ਹੋਰ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਸ਼ਿਰਕਤ ਕੀਤੀ।
ਰਾਜਪੁਰਾ (ਬਹਾਦਰ ਸਿੰਘ ਮਰਦਾਂਪੁਰ): ਸੰਯੁਕਤ ਕਿਸਾਨ ਮੋਰਚੇ ਵੱਲੋਂ ਦਿੱਤੇ ਗਏ ਚਾਰ ਘੰਟੇ ਦੇ ਰੇਲਾਂ ਰੋਕਣ ਦੇ ਸੱਦੇ ’ਤੇ ਅੱਜ ਮੋਰਚੇ ਨਾਲ ਸਬੰਧਤ ਕਿਸਾਨ ਜਥੇਬੰਦੀਆਂ ਦੇ ਕਾਰਕੁਨਾਂ ਵੱਲੋਂ ਆਗੂਆਂ ਧਰਮਪਾਲ ਸਿੰਘ ਸੀਲ, ਗੁਰਦਰਸ਼ਨ ਸਿੰਘ ਖਾਸਪੁਰ, ਗੁਰਮੀਤ ਸਿੰਘ ਦਿੱਤੂਪਰ, ਸਤਿਨਾਮ ਸਿੰਘ ਬਹਿਰੂ, ਚਰਨਜੀਤ ਕੌਰ ਪਾਤੜਾਂ, ਬੂਟਾ ਸਿੰਘ ਸਾਦੀਪੁਰ, ਲਸ਼ਕਰ ਸਿੰਘ ਸਰਦਾਰਗੜ੍ਹ, ਰਮਿੰਦਰ ਸਿੰਘ ਪਟਿਆਲਾ ਦੀ ਅਗਵਾਈ ਵਿੱਚ ਦਿੱਲੀ-ਅੰਮ੍ਰਿਤਸਰ ਮੁੱਖ ਰੇਲ ਮਾਰਗ ’ਤੇ ਰਾਜਪੁਰਾ ਰੇਲਵੇ ਸਟੇਸ਼ਨ ’ਤੇ ਰੋਸ ਧਰਨਾ ਦਿੱਤਾ ਗਿਆ। ਧਰਨਾਕਾਰੀ ਕਿਸਾਨਾਂ ਨੇ ਮੋਦੀ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।
ਬਠਿੰਡਾ ਤੋਂ ਅੰਬਾਲਾ ਜਾ ਰਹੀ ਯਾਤਰੂ ਰੇਲ ਗੱਡੀ ਨੂੰ ਕਿਸਾਨਾਂ ਦੇ ਰੇਲ ਪੱਟੜੀ ’ਤੇ ਬੈਠਣ ਕਾਰਨ ਸਟੇਸ਼ਨ ’ਤੇ ਹੀ ਰੁਕਣਾ ਪਿਆ। ਉਨ੍ਹਾਂ ਕਿਹਾ ਕਿ ਮੋਰਚੇ ਦੀਆ ਜਥੇਬੰਦੀਆਂ ਵੱਲੋਂ 7 ਤੋਂ 14 ਅਗਸਤ ਤੱਕ ਅਗਨੀਪਥ ਯੋਜਨਾ ਖ਼ਿਲਾਫ਼ ਦੇਸ਼ ਪੱਧਰੀ ਰੋਸ ਪ੍ਰਦਰਸ਼ਨ ਕੀਤੇ ਜਾਣਗੇ। 18 ਤੋਂ 20 ਅਗਸਤ ਨੂੰ ਲਖੀਮਪੁਰ ਖੀਰੀ ਦੇ ਸ਼ਹੀਦ ਕਿਸਾਨ ਪਰਿਵਾਰਾਂ ਨੂੰ ਇਨਸਾਫ਼ ਦਿਵਾਉਣ ਲਈ ਲਖੀਮਪੁਰ ਖੀਰੀ ਵਿੱਚ 75 ਘੰਟੇ ਦਾ ਧਰਨਾ ਦਿੱਤਾ ਜਾਵੇਗਾ। ਇਸ ਧਰਨੇ ਵਿੱਚ ਸੰਤ ਬੰਤ ਸਿੰਘ ਮਦਨਪੁਰ ਚਲਹੇੜੀ ਸਣੇ ਹੋਰਨਾਂ ਸੰਤਾਂ ਮਹਾਪੁਰਸ਼ਾਂ ਵੱਲੋਂ ਗੁਰੂ ਕੇ ਲੰਗਰ ਅਤੁਟ ਲਗਾਏ ਗਏ।
ਲਹਿਰਾਗਾਗਾ (ਰਮੇਸ਼ ਭਾਰਦਵਾਜ): ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੇ ਜਾਖਲ, ਲਹਿਰਾਗਾਗਾ ਅਤੇ ਮੂਨਕ ਬਲਾਕ ਦੀ ਤਰਫੋਂ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਜਾਖਲ ਵਿੱਚ ਗਿਆਰਾਂ ਤੋਂ ਤਿੰਨ ਵਜੇ ਤੱਕ ਚੱਕਾ ਜਾਮ ਕੀਤਾ ਗਿਆ। ਇਸ ਸਮੇਂ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਵਿਸ਼ੇਸ਼ ਤੌਰ ’ਤੇ ਪਹੁੰਚੇ। ਇਸ ਸਮੇਂ ਸੂਬਾ ਮੀਤ ਪ੍ਰਧਾਨ ਜਨਕ ਸਿੰਘ ਭੁਟਾਲ ਕਲਾਂ ਨੇ ਦੱਸਿਆ ਕਿ ਅੱਜ ਵੀ ਸ਼ਹੀਦ ਊਧਮ ਸਿੰਘ ਦੇ ਸੁਫ਼ਨੇ ਅਧੂਰੇ ਹਨ। ਉਹ ਬਰਾਬਰ ਦਾ ਰਾਜ ਚਾਹੁੰਦੇ ਸਨ।
ਮਾਲੇਰਕੋਟਲਾ (ਹੁਸ਼ਿਆਰ ਸਿੰਘ ਰਾਣੂ): ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੀ ਜ਼ਿਲ੍ਹਾ ਮਾਲੇਰਕੋਟਲਾ ਇਕਾਈ ਨੇ ਸ਼ਹੀਦ ਊਧਮ ਸਿੰਘ ਦੇ 82ਵੇਂ ਸ਼ਹੀਦੀ ਦਿਹਾੜੇ ਮੌਕੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਦਿੱਤੇ ਭਾਰਤ ਬੰਦ ਦੇ ਸੱਦੇ ’ਤੇ ਜ਼ਿਲ੍ਹਾ ਪ੍ਰਧਾਨ ਕੁਲਵਿੰਦਰ ਸਿੰਘ ਭੂਦਨ ਅਤੇ ਜ਼ਿਲ੍ਹਾ ਜਨਰਲ ਸਕੱਤਰ ਕੇਵਲ ਸਿੰਘ ਭੜੀ ਦੀ ਅਗਵਾਈ ਹੇਠ ਸਥਾਨਕ ਰੇਲਵੇ ਸਟੇਸ਼ਨ ’ਤੇ ਧਰਨਾ ਦਿੱਤਾ। ਉਧਰ, ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ), ਬੀਕੇਯੂ (ਕਾਦੀਆਂ) ਅਤੇ ਕੁਲ ਹਿੰਦ ਕਿਸਾਨ ਸਭਾ ਨੇ ਸਥਾਨਕ ਰਾਏਕੋਟ ਰੋਡ ਸਥਿਤ ਰੇਲਵੇ ਫਾਟਕਾਂ ’ਤੇ ਧਰਨਾ ਦਿੱਤਾ।
ਕੇਂਦਰ ਵੱਲੋਂ ਬਣਾਈ ਐਮਐਸਪੀ ਸਬੰਧੀ ਕਮੇਟੀ ਕਿਸਾਨ ਵਿਰੋਧੀ: ਉਗਰਾਹਾਂ
ਭਵਾਨੀਗੜ੍ਹ (ਮੇਜਰ ਸਿੰਘ ਮੱਟਰਾਂ): ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੇ ਜ਼ਿਲ੍ਹਾ ਸੰਗਰੂਰ ਵੱਲੋਂ ਜ਼ਿਲ੍ਹਾ ਪ੍ਰਧਾਨ ਅਮਰੀਕ ਸਿੰਘ ਗੰਢੂਆਂ ਦੀ ਅਗਵਾਈ ਹੇਠ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਵੱਡੀ ਗਿਣਤੀ ਕਿਸਾਨਾਂ ਨੇ ਕਾਲਾਝਾੜ ਟੌਲ ਪਲਾਜ਼ਾ ’ਤੇ 4 ਘੰਟੇ ਲਈ ਬਠਿੰਡਾ-ਚੰਡੀਗੜ੍ਹ ਹਾਈਵੇਅ ਜਾਮ ਕੀਤਾ। ਇਸ ਮੌਕੇ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਸਾਨ ਮੋਰਚੇ ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਕੀਤੇ। ਉਨ੍ਹਾਂ ਕਿਹਾ ਕਿ ਸ਼ਹੀਦ ਊਧਮ ਸਿੰਘ ਤੇ ਸ਼ਹੀਦ ਭਗਤ ਸਿੰਘ ਅਜੋਕੀ ਪੀੜ੍ਹੀ ਲਈ ਪ੍ਰੇਰਨਾ ਸਰੋਤ ਹਨ, ਇਨ੍ਹਾਂ ਨੂੰ ਅਤਿਵਾਦੀ ਕਹਿਣ ਵਾਲੇ ਅੰਗਰੇਜ਼ਾਂ ਦੇ ਪਿੱਠੂ ਸਨ ਅਤੇ ਅੱਜ ਵੀ ਅਜਿਹਾ ਹੀ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਦਿੱਲੀ ਮੋਰਚੇ ਦੌਰਾਨ ਕੇਂਦਰ ਸਰਕਾਰ ਨੇ ਜੋ ਮੰਗਾਂ ਮੰਨੀਆਂ ਸਨ, ਪਰ ਅੱਜ ਤੱਕ ਇੱਕ ਵੀ ਪੂਰੀ ਨਹੀਂ ਕੀਤੀ ਗਈ। ਕੇਂਦਰ ਵੱਲੋਂ ਬਣਾਈ ਐਮਐਸਪੀ ਕਮੇਟੀ ਕਿਸਾਨ ਵਿਰੋਧੀ ਹੈ। ਇਸ ਧਰਨੇ ਨੂੰ ਸੂਬਾ ਆਗੂ ਜਸਵਿੰਦਰ ਸਿੰਘ ਲੌਂਗੋਵਾਲ, ਸੂਬਾ ਪ੍ਰਚਾਰਕ ਸਕੱਤਰ ਜਗਤਾਰ ਸਿੰਘ ਕਾਲਾਝਾੜ, ਜ਼ਿਲ੍ਹਾ ਜਨਰਲ ਸਕੱਤਰ ਦਰਬਾਰਾ ਸਿੰਘ ਛਾਜਲਾ, ਜਸਵੰਤ ਸਿੰਘ ਤੋਲੋਵਾਲ, ਪ੍ਰੈੱਸ ਸਕੱਤਰ ਸੁਖਪਾਲ ਸਿੰਘ ਮਾਣਕ ਕਣਕਵਾਲ, ਅਜੈਬ ਸਿੰਘ ਲੱਖੇਵਾਲ, ਹਰਬੰਸ ਸਿੰਘ ਲੱਡਾ, ਦਰਸ਼ਨ ਸਿੰਘ ਸ਼ਾਦੀਹਰੀ, ਗੋਬਿੰਦਰ ਸਿੰਘ ਮੰਗਵਾਲ, ਰਣਜੀਤ ਸਿੰਘ ਲੌਂਗੋਵਾਲ, ਮਨਜੀਤ ਸਿੰਘ ਘਰਾਚੋਂ, ਦਰਸ਼ਨ ਸਿੰਘ ਕਿਲਾ, ਜਸਵੀਰ ਸਿੰਘ ਗੱਗੜਪੁਰ, ਹਰਜੀਤ ਸਿੰਘ ਮਹਿਲਾਂ ਆਦਿ ਨੇ ਵੀ ਸੰਬੋਧਨ ਕੀਤਾ।
ਸਰਬੱਤ ਦਾ ਭਲਾ ਐਕਸਪ੍ਰੈੱਸ ਸਾਢੇ ਤਿੰਨ ਘੰਟੇ ਲਹਿਰਾਗਾਗਾ ਰੁਕੀ
ਲਹਿਰਾਗਾਗਾ (ਪੱਤਰ ਪ੍ਰੇਰਕ): ਕਿਸਾਨਾਂ ਵੱਲੋਂ ਅੱਜ ਚਾਰ ਘੰਟੇ ਸੰਕੇਤਕ ਰੇਲ ਮਾਰਗ ਜਾਮ ਕੀਤੇ ਗਏ। ਇੱਥੇ 11 ਵਜੇ ਸਵੇਰੇ ਦਿੱਲੀ ਤੋਂ ਲੋਹੀਆਂ ਖਾਸ ਜਾਣ ਵਾਲੀ ਸਰਬੱਤ ਦਾ ਭਲਾ (22479) ਐਕਸਪ੍ਰੈੱਸ ਲਹਿਰਾਗਾਗਾ ਰੇਲਵੇ ਸਟੇਸ਼ਨ ’ਤੇ ਸਾਢੇ ਤਿੰਨ ਘੰਟੇ ਰੁਕੀ ਰਹੀ। ਰੇਲ ਪੁਲੀਸ ਦੇ ਥਾਣੇਦਾਰ ਗੇਲ੍ਹਾ ਸਿੰਘ ਨੇ ਖਾਣ-ਪੀਣ ਦੀਆਂ ਰੇਹੜੀਆਂ ਪਲੇਟਫਾਰਮ ’ਤੇ ਲਗਵਾਈਆਂ ਤਾਂ ਜੋ ਮੁਸਾਫ਼ਿਰਾਂ ਨੂੰ ਔਖ ਨਾ ਆਵੇ।