ਨਿੱਜੀ ਪੱਤਰ ਪ੍ਰੇਰਕ
ਧੂਰੀ, 27 ਜੁਲਾਈ
ਅੱਜ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਇਕਾਈ ਧੂਰੀ ਵੱਲੋਂ ਪਿੰਡ ਦੋਹਲਾ ਅਤੇ ਪਿੰਡ ਹਰਚੰਦਪੁਰ ਦੇ ਕਿਸਾਨਾਂ ਦੇ ਹੱਕ ਵਿੱਚ ਰੇਲਵੇ ਵਿਭਾਗ ਵੱਲੋਂ ਐਕੁਆਇਰ ਕੀਤੀ ਗਈ ਜ਼ਮੀਨ ਦਾ ਮੁਆਵਜ਼ਾ ਲੈਣ ਲਈ ਐੱਸ.ਡੀ.ਐੱਮ ਦਫ਼ਤਰ ਧੂਰੀ ਅੱਗੇ ਧਰਨਾ ਲਗਾਇਆ ਗਿਆ। ਇਸ ਮੌਕੇ ਸੂਬਾ ਸਕੱਤਰ ਰਛਪਾਲ ਸਿੰਘ ਦੋਹਲਾ, ਬਲਾਕ ਪ੍ਰਧਾਨ ਜਰਨੈਲ ਸਿੰਘ ਜਹਾਂਗੀਰ, ਬਲਾਕ ਸ਼ੇਰਪੁਰ ਦੇ ਪ੍ਰਧਾਨ ਪ੍ਰੀਤਮ ਸਿੰਘ ਬਾਦਸ਼ਾਹਪੁਰ, ਗੁਰਜੀਤ ਸਿੰਘ ਭੜੀ ਮਾਨਸਾ ਜ਼ਿਲ੍ਹਾ ਜਨਰਲ ਸਕੱਤਰ ਨੇ ਕਿਹਾ ਕਿ ਕਰੀਬ ਦੋ ਸਾਲ ਪਹਿਲਾਂ 2020 ਨੂੰ ਰੇਲਵੇ ਵਿਭਾਗ ਵੱਲੋਂ ਰੇਲਵੇ ਦਾ ਪਲੇਟਫਾਰਮ ਬਣਾਉਣ ਲਈ ਦੋਹਲਾ ਤੇ ਹਰਚੰਦਪੁਰ ਦੀ ਜ਼ਮੀਨ ਐਕੁਆਇਰ ਕੀਤੀ ਗਈ ਸੀ, ਜਿਸਦਾ ਰੇਟ ਪਿੰਡ ਦੋਹਲਾ ਨੂੰ 942,000 ਰੁਪਏ ਫੀ ਬਿੱਘਾ ਅਤੇ ਹਰਚੰਦਪੁਰ ਨੂੰ 3,49,000 ਰੁਪਏ ਫੀ ਬਿੱਘਾ ਦਿੱਤਾ ਗਿਆ ਹੈ, ਜਦੋਂਕਿ ਜੰਮੂ ਕੱਟੜਾ ਐਕਸਪ੍ਰੈਸ ਵੇਅ ਲਈ ਜ਼ਮੀਨ ਦਾ ਰੇਟ 12,50,000 ਰੁਪਏ ਫੀ ਬਿੱਘਾ ਹੈ, ਨਾ ਹੀ ਪਿੰਡ ਦੋਹਲਾ ਅਤੇ ਨਾ ਹੀ ਪਿੰਡ ਹਰਚੰਦਪੁਰ ਦੇ ਕਿਸਾਨਾਂ ਨੂੰ ਮੁਆਵਜ਼ਾ ਰਕਮ ਦਿੱਤੀ ਗਈ ਹੈ। ਸਾਡੇ ਵੱਲੋਂ ਵਾਰ-ਵਾਰ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਗਈ ਹੈ ਅਤੇ ਸਾਨੂੰ ਅੱਜ ਮਜਬੂਰਨ ਧਰਨਾ ਦੇਣ ਲਈ ਮਜਬੂਰ ਹੋਣਾ ਪਿਆ ਹੈ। ਇਸ ਮੌਕੇ ਕਿਸਾਨਾਂ ਨੇ ਮੰਗ ਕੀਤੀ ਕਿ ਜੇ ਪ੍ਰਸ਼ਾਸ਼ਨ ਨੇ ਅਕੁਆਇਰ ਕੀਤੀ ਜ਼ਮੀਨ ਦਾ ਮੁਆਵਜ਼ਾ ਪਿੰਡ ਹਰਚੰਦਪੁਰ ਦੇ ਕਿਸਾਨਾਂ ਨੂੰ ਦੋਹਲਾ ਦੀ ਤਰਜ਼ ’ਤੇ ਤੇ ਦੋਵਾਂ ਪਿੰਡਾਂ ਨੂੰ ਮੁਕੰਮਲ ਮੁਆਵਜ਼ਾ ਨਾ ਦਿੱਤਾ ਗਿਆ ਤਾਂ ਰੇਲਵੇ ਟਰੈਕ ’ਤੇ ਅਣਮਿੱਥੇ ਸਮੇਂ ਦਾ ਧਰਨਾ ਦਿੱਤਾ ਜਾਵੇਗਾ, ਜਿਸਦੀ ਤਮਾਮ ਜ਼ਿੰਮੇਵਾਰੀ ਰੇਲਵੇ ਅਤੇ ਪ੍ਰਸ਼ਾਸਨ ਦੀ ਹੋਵੇਗੀ।
ਪਲਾਟਾਂ ਵਾਲੀ ਜਗ੍ਹਾ ’ਤੇ ਦਿਨ ਰਾਤ ਦਾ ਪੱਕਾ ਮੋਰਚਾ ਜਾਰੀ
ਭਵਾਨੀਗੜ੍ਹ (ਪੱਤਰ ਪ੍ਰੇਰਕ) ਪਿੰਡ ਖੇੜੀ ਗਿੱਲਾਂ ’ਚ ਅੱਜ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ (ਪੰਜਾਬ) ਪਿੰਡ ਇਕਾਈ ਦੇ ਜਨਰਲ ਸਕੱਤਰ ਛਿੰਦਾ ਸਿੰਘ, ਆਗੂ ਜਗਤਾਰ ਸਿੰਘ ਰਿੰਕੂ ਤੇ ਬੱਬੂ ਸਿੰਘ ਦੀ ਅਗਵਾਈ ਹੇਠ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਰੋਸ ਮਾਰਚ ਕੀਤਾ ਗਿਆ। ਇਸ ਮੌਕੇ ਸੰਬੋਧਨ ਕਰਦਿਆਂ ਆਗੂਆਂ ਨੇ ਕਿਹਾ ਕਿ 19 ਜੁਲਾਈ ਨੂੰ ਪਲਾਟ ਅਲਾਟ ਕਰਵਾਉਣ ਲਈ ਬੀਈਪੀਓ ਦਫ਼ਤਰ ਭਵਾਨੀਗੜ੍ਹ ਅੱਗੇ ਧਰਨਾ ਲਾਇਆ ਗਿਆ ਸੀ, ਪਰ ਦਫ਼ਤਰ ਵਿੱਚ ਮੌਜੂਦ ਬੀਡੀਪੀਓ ਮਨਜੀਤ ਸਿੰਘ ਢੀਂਡਸਾ ਵੱਲੋਂ ਆਗੂਆਂ ਨਾਲ ਕੋਈ ਵੀ ਗੱਲਬਾਤ ਨਹੀਂ ਕੀਤੀ ਗਈ। ਇਸ ਤੋਂ ਬਾਅਦ ਖੇਤ ਮਜ਼ਦੂਰਾਂ ਨੇ ਰੋਸ਼ ਜ਼ਾਹਰ ਕਰਦੇ ਹੋਏ ਪਿੰਡ ਖੇੜੀ ਗਿੱਲਾਂ ਵਿਖੇ ਪਲਾਟਾਂ ਵਾਲੀ ਜ਼ਮੀਨ ‘ਚ ਦਿਨ ਰਾਤ ਦਾ ਪੱਕਾ ਮੋਰਚਾ ਲਗਾ ਦਿੱਤਾ। ਉਨ੍ਹਾਂ ਕਿਹਾ ਕਿ ਪਲਾਟਾਂ ਦੇ ਸੰਬੰਧ ਵਿੱਚ ਬਕਾਇਦਾ ਗ੍ਰਾਮ ਪੰਚਾਇਤ ਖੇੜੀ ਗਿੱਲਾਂ ਦੀ ਗ੍ਰਾਮ ਸਭਾ ਦਾ ਮਤਾ ਵੀ ਪਾਇਆ ਹੋਇਆ ਹੈ। ਐੱਸਡੀਐੱਮ ਦੀ ਅਗਵਾਈ ਹੇਠਲੀ ਕਮੇਟੀ ਨੇ ਪਾਸ ਕਰਕੇ ਸਾਰਾ ਕੰਮ ਮੁਕੰਮਲ ਕਰਨ ਉਪਰੰਤ ਪੰਜ ਪੰਜ ਮਰਲਿਆਂ ਦੇ ਪਲਾਟ ਲੋੜਵੰਦ ਪਰਿਵਾਰਾਂ ਨੂੰ ਅਲਾਟ ਕੀਤੇ ਜਾਣੇ ਸੀ, ਪਰ ਪਿੰਡ ਦੇ ਚੌਧਰੀ ਤੇ ਪ੍ਰਸ਼ਾਸਨ ਦੀ ਮਿਲੀਭੁਗਤ ਹੋਣ ਕਾਰਨ ਪਲਾਟ ਅਲਾਟ ਨਹੀਂ ਕੀਤੇ ਗਏ।