ਨਿੱਜੀ ਪੱਤਰ ਪ੍ਰੇਰਕ
ਮਾਲੇਰਕੋਟਲਾ, 7 ਅਗਸਤ
ਹਿਮਾਚਲ ਪ੍ਰਦੇਸ਼ ਰਾਜ ਆਫ਼ਤ ਪ੍ਰਬੰਧਨ ਅਥਾਰਿਟੀ ਨੇ ਕੋਵਿਡ -19 ਦੀ ਤੀਜੀ ਸੰਭਾਵੀ ਲਹਿਰ ਬਾਰੇ ਚਿੰਤਾ ਪ੍ਰਗਟਾਉਂਦਿਆਂ ਹਿਮਾਚਲ ਪ੍ਰਦੇਸ਼ ਆਉਣ ਵਾਲੇ ਸ਼ਰਧਾਲੂਆਂ ਲਈ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ ।ਇਨ੍ਹਾਂ ਦਿਸ਼ਾ ਨਿਰਦੇਸ਼ਾਂ ਤਹਿਤ 9 ਤੋਂ 17 ਅਗਸਤ ਤੱਕ ਚੱਲਣ ਵਾਲੇ ‘ਸਾਉਣ ਦੇ ਨਰਾਤਿਆਂ’ ਦੌਰਾਨ ਆਉਣ ਵਾਲੇ ਸ਼ਰਧਾਲੂਆਂ ਲਈ ਕੁੱਝ ਪਾਬੰਦੀਆਂ ਲਗਾਈਆਂ ਹਨ। ਡਿਪਟੀ ਕਮਿਸ਼ਨਰ ਮਾਲੇਰਕੋਟਲਾ ਅੰਮ੍ਰਿਤ ਕੌਰ ਗਿੱਲ ਨੇ ਦੱਸਿਆ ਕਿ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਨ ਲਈ ਵਿਅਕਤੀਆਂ ਨੂੰ ਹਿਮਾਚਲ ਪ੍ਰਦੇਸ਼ ਦੀ ਸਰਹੱਦਾਂ ਵਿਚ ਦਾਖ਼ਲ ਹੋਣ ਦੀ ਇਜਾਜ਼ਤ ਤਾਂ ਹੀ ਹੋਵੇਗੀ ਜੇ ਉਨ੍ਹਾਂ ਕੋਲ ਅਧਿਕਾਰਤ ਲੈਬਾਂ ਵੱਲੋਂ ਜਾਰੀ ਕੀਤੀ ਆਰਟੀ-ਪੀਸੀਆਰ ਨੈਗੇਟਿਵ ਰਿਪੋਰਟ ( ਜੋ 72 ਘੰਟਿਆਂ ਤੋਂ ਪੁਰਾਣੀ ਨਾ ਹੋਵੇ) ਜਾਂ ਕੋਵਿਡ -19 ਟੀਕਾਕਰਨ ਸਰਟੀਫਿਕੇਟ (ਦੋਵੇਂ ਖ਼ੁਰਾਕਾਂ) ਹੋਵੇਗਾ।’ਸਾਉਣ ਦੇ ਨਰਾਤਿਆਂ’ ਦੌਰਾਨ ‘ਨੋ ਮਾਸਕ-ਨੋ ਦਰਸ਼ਨ’ ਨੀਤੀ ਨੂੰ ਸਖ਼ਤੀ ਨਾਲ ਲਾਗੂ ਕੀਤਾ ਜਾਵੇਗਾ। ਧਾਰਮਿਕ ਸਥਾਨਾਂ ਦੇ ਪ੍ਰਵੇਸ਼ ਦੁਆਰ ’ਤੇ ਥਰਮਲ ਸਕਰੀਨਿੰਗ ਅਤੇ ਸੈਨੀਟਾਈਜ਼ੇਸ਼ਨ, ਹੱਥ ਧੋਣ ਦੀ ਸਹੂਲਤ ਹੋਵੇਗੀ। ਉਲੰਘਣਾ ਕਰਨ ’ਤੇ ਸਖ਼ਤੀ ਵਰਤੀ ਜਾਵੇਗੀ।