ਗੁਰਦੀਪ ਸਿੰਘ ਲਾਲੀ
ਸੰਗਰੂਰ, 26 ਫਰਵਰੀ
ਸ਼ਹਿਰਾਂ ਅਤੇ ਕਸਬਿਆਂ ਵਿੱਚ ਆਵਾਰਾ ਪਸ਼ੂਆਂ ਦੀ ਸਮੱਸਿਆ ਗੰਭੀਰ ਰੂਪ ਧਾਰ ਰਹੀ ਹੈ ਪਰ ਸਮੇਂ ਸਮੇਂ ਦੀਆਂ ਸਰਕਾਰਾਂ ਅਤੇ ਸਿਆਸੀ ਧਿਰਾਂ ਵੱਲੋਂ ਇਸ ਨੂੰ ਗੰਭੀਰਤਾ ਨਾਲ ਨਹੀਂ ਲਿਆ ਜਾ ਰਿਹਾ। ਸ਼ਹਿਰ ਵਾਸੀਆਂ, ਆਮ ਰਾਹਗੀਰਾਂ ਅਤੇ ਕਿਸਾਨਾਂ ਲਈ ਆਵਾਰਾ ਪਸ਼ੂਆਂ ਦੀ ਸਮੱਸਿਆ ਵੱਡੀ ਮੁਸੀਬਤ ਬਣੀ ਹੋਈ ਹੈ ਪਰ ਲੋਕਾਂ ਦੀ ਜਾਨ ਤੇ ਮਾਲ ਨਾਲ ਜੁੜਿਆ ਇਹ ਮੁੱਦਾ ਚੋਣ ਪਿੜ ’ਚੋਂ ਗਾਇਬ ਹੀ ਰਿਹਾ।
ਸ਼ਹਿਰ ਵਿੱਚ ਆਵਾਰਾ ਪਸ਼ੂਆਂ ਦੀਆਂ ਡਾਰਾਂ ਬਾਜ਼ਾਰਾਂ ਵਿੱਚ ਲੋਕਾਂ ਦੀ ਜਾਨ-ਮਾਲ ਲਈ ਖਤਰਾ ਬਣੀਆਂ ਹੋਈਆਂ ਹਨ। ਨਿੱਤ ਦਿਨ ਸੜਕ ਹਾਦਸੇ ਵਾਪਰ ਰਹੇ ਹਨ ਅਤੇ ਕਈ ਵਿਅਕਤੀ ਆਪਣੀ ਜਾਨ ਗੁਆ ਚੁੱਕੇ ਹਨ ਅਤੇ ਹੱਡ-ਗੋਡੇ ਭੰਨਾ ਚੁੱਕੇ ਹਨ। ਹਾਦਸਿਆਂ ’ਚ ਲੋਕਾਂ ਨੂੰ ਆਰਥਿਕ ਨੁਕਸਾਨ ਝੱਲਣਾ ਪੈ ਰਿਹਾ ਹੈ। ਸ਼ਹਿਰ ਦੇ ਬਾਜ਼ਾਰਾਂ ’ਚ ਸਾਨ੍ਹਾਂ ਦੇ ਭੇੜ ਅਤੇ ਇੱਕ-ਦੂਜੇ ਪਿੱਛੇ ਆਵਾਰਾ ਢੱਠਿਆਂ ਦੀ ਦੌੜ ਦੇ ਚਲਦਿਆਂ ਪਲਾਂ ’ਚ ਹੀ ਲੋਕਾਂ ਦੀ ਜਾਨ ਮੁੱਠੀ ਵਿੱਚ ਆ ਜਾਂਦੀ ਹੈ। ਆਵਾਰਾ ਪਸ਼ੂਆਂ ਨੇੇ ਕਿਸਾਨਾਂ ਦੀ ਨੀਂਦ ਉਡਾ ਰੱਖੀ ਹੈ। ਪਸ਼ੂਆਂ ਦੀ ਡਾਰਾਂ ਕਿਸਾਨਾਂ ਦੀ ਫਸਲ ਦਾ ਲਗਾਤਾਰ ਉਜਾੜਾ ਕਰ ਰਹੀਆਂ ਹਨ। ਕਿਸਾਨ ਜਥੇਬੰਦੀਆਂ ਅਤੇ ਸਮਾਜ ਸੇਵੀ ਸੰਸਥਾਵਾਂ ਆਵਾਰਾ ਪਸ਼ੂਆਂ ਦੀ ਸਮੱਸਿਆ ਦੇ ਹੱਲ ਲਈ ਜ਼ਿਲ੍ਹਾ ਪ੍ਰਸ਼ਾਸ਼ਨ ਅੱਗੇ ਦੁਹਾਈ ਦੇ ਚੁੱਕੀਆਂ ਹਨ ਪਰ ਪਰਨਾਲਾ ਉੱਥੇ ਦਾ ਉੱਥੇ ਹੀ ਰਹਿੰਦਾ ਹੈ।
ਕਈ ਵਾਰ ਪਿੰਡਾਂ ਦੇ ਕਿਸਾਨ ਅਵਾਰਾ ਪਸ਼ੂਆਂ ਦੀਆਂ ਟਰਾਲੀਆਂ ਭਰ ਕੇ ਡੀ.ਸੀ. ਦਫ਼ਤਰ ਪੁੱਜ ਚੁੱਕੇ ਹਨ ਪਰ ਕੋਈ ਹੱਲ ਨਹੀਂ ਹੋਇਆ। ਸ਼ਹਿਰ ਦੇ ਹਰ ਕੋਨੇ ’ਚ ਆਵਾਰਾ ਪਸ਼ੂਆਂ ਦੀਆਂ ਡਾਰਾਂ ਘੁੰਮਦੀਆਂ ਨਜ਼ਰ ਆਉਂਦੀਆਂ ਹਨ ਅਤੇ ਨਿੱਤ ਦਿਨ ਸ਼ਹਿਰ ਦੀ ਟਰੈਫ਼ਿਕ ਲਈ ਵੀ ਆਵਾਰਾ ਪਸ਼ੂ ਵੱਡੀ ਸਮੱਸਿਆ ਬਣਦੇ ਹਨ। ਸ਼ਹਿਰ ਵਾਸੀ ਆਵਾਰਾ ਪਸ਼ੁੂਆਂ ਕਾਰਨ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰਦੇ ਹਨ ਅਤੇ ਅਨੇਕਾਂ ਵਾਰ ਸਮਾਜ ਸੇਵੀ ਜਥੇਬੰਦੀਆਂ ਮਾਮਲਾ ਜ਼ਿਲ੍ਹਾ ਪ੍ਰਸ਼ਾਸਨ ਕੋਲ ਉਠਾ ਚੁੱਕੀਆਂ ਹਨ ਪਰ ਕੋਈ ਅਮਲ ਨਹੀਂ ਹੋਇਆ। ਆਮ ਲੋਕਾਂ ਦੀ ਜਾਨ ਲਈ ਖੌਫ਼ ਬਣੀ ਅਤੇ ਕਿਸਾਨਾਂ ਦੀਆਂ ਫਸਲਾਂ ਦੇ ਉਜਾੜੇ ਦਾ ਕਾਰਨ ਬਣੀ ਇਹ ਸਮੱਸਿਆ ਗੰਭੀਰ ਰੂਪ ਧਾਰਨ ਕਰ ਚੁੱਕੀ ਹੈ ਜਿਸ ਵੱਲ ਸਰਕਾਰਾਂ ਅਤੇ ਪ੍ਰਸ਼ਾਸ਼ਨ ਨੂੰ ਧਿਆਨ ਦੇਣ ਦੀ ਲੋੜ ਹੈ।