ਨਿੱਜੀ ਪੱਤਰ ਪ੍ਰੇਰਕ
ਧੂਰੀ, 19 ਜੁਲਾਈ
ਆਮ ਆਦਮੀ ਪਾਰਟੀ ਦੇ ਟਰੇਡ ਵਿੰਗ ਦੇ ਸੂਬਾ ਜੁਆਇੰਟ ਸਕੱਤਰ ਐੱਸ.ਐੱਸ.ਚੱਠਾ ਵੱਲੋਂ 2022 ਦੀਆਂ ਚੋਣਾਂ ਦੇ ਮੱਦੇਨਜ਼ਰ ਹਲਕਾ ਧੂਰੀ ਦੇ ਵੱਖ-ਵੱਖ ਪਿੰਡਾਂ ਤੇ ਧੂਰੀ ਸ਼ਹਿਰ ’ਚ ਲਗਾਏ ਗਏ ਸੈਂਕੜੇ ਵੱਡੇ ਫਲੈਕਸਾਂ ਨੂੰ ਬੀਤੀ ਰਾਤ ਕੁਝ ਅਣਪਛਾਤੇ ਮੋਟਰਸਾਈਕਲ ਸਵਾਰਾਂ ਵੱਲੋਂ ਪਾੜ ਦਿੱਤਾ ਗਿਆ। ਅੱਧੀ ਰਾਤ ਦੇ ਹਨੇਰੇ ਵਿੱਚ ਵੱਖ-ਵੱਖ ਪੁਆਇੰਟਾਂ ’ਤੇ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ’ਚ ਕੈਦ ਹੋਏ ਮੋਟਰਸਾਈਕਲ ਸਵਾਰਾਂ ਦੀਆਂ ਤਸਵੀਰਾਂ ਭਾਵੇਂ ਸਪਸ਼ਟ ਦਿਖਾਈ ਨਹੀਂ ਦੇ ਰਹੀਆਂ, ਫਿਰ ਵੀ ਪੁਲੀਸ ਵੱਲੋਂ ਦੋਸ਼ੀਆਂ ਨੂੰ ਜਲਦ ਗ੍ਰਿਫ਼ਤਾਰ ਕਰਨ ਦੀ ਗੱਲ ਕਹੀ ਜਾ ਰਹੀ ਹੈ। ਆਪ ਆਗੂ ਭਗਵੰਤ ਮਾਨ, ਹਰਪਾਲ ਚੀਮਾ, ਦਵਿੰਦਰ ਸਿੰਘ ਬਦੇਸ਼ਾ, ਮੀਤ ਹੇਅਰ ਬਰਨਾਲਾ, ਅਮਨ ਅਰੋੜਾ ਸੁਨਾਮ ਤੇ ਦੇਵ ਮਾਨ ਨਾਭਾ ਨੇ ਇਸ ਘਟਨਾ ਨੂੰ ਮੰਦਭਾਗੀ ਕਿਹਾ ਹੈ। ਇਸ ਸਬੰਧੀ ਐਸ.ਐਸ.ਚੱਠਾ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਹਲਕੇ ਦੇ ਅਨੇਕਾਂ ਪਿੰਡਾਂ ’ਚ ਵੱਡ ਅਕਾਰੀ ਫਲੈਕਸ ਲਗਵਾ ਕੇ ਆਮ ਆਦਮੀ ਪਾਰਟੀ ਦੇ ਹੱਕ ’ਚ ਪ੍ਰਚਾਰ ਕੀਤਾ ਗਿਆ ਸੀ ਜਿਸ ਤੋਂ ਵਿਰੋਧੀ ਧਿਰਾਂ ਦੇ ਆਗੂਆਂ ਨੂੰ ਆਮ ਆਦਮੀ ਪਾਰਟੀ ਦੀ ਚੜ੍ਹਤ ਤੋਂ ਬੌਖਲਾਹਟ ਸ਼ੁਰੂ ਹੋ ਗਈ ਤੇ 150 ਦੇ ਵੱਡੇ ਫਲੈਕਸਾਂ ਨੂੰ ਨੁਕਸਾਨ ਪਹੁੰਚਾਇਆ, ਜਿਸ ਦੀ ਕੀਮਤ ਡੇਢ ਲੱਖ ਰੁਪਏ ਹੈ। ਉਨ੍ਹਾਂ ਕਿਹਾ ਕਿ ਉਸ ਦੇ ਪ੍ਰਤੀ ਸੌੜੀ ਸੋਚ ਰੱਖਣ ਵਾਲੇ ਲੋਕਾਂ ਨੇ ਅਜਿਹਾ ਕੀਤਾ ਹੈ। ਉਸ ਨੇ ਦੱਸਿਆ ਕਿ ਮੁਲਜ਼ਮਾਂ ਦੀਆਂ ਤਸਵੀਰਾਂ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈਆਂ ਹਨ ਤੇ ਦੋਸ਼ੀਆਂ ਦੀ ਜਾਣਕਾਰੀ ਦੇਣ ਵਾਲੇ ਵਿਅਕਤੀ ਨੂੰ ਉਹ ਇਨਾਮ ਦੇਣਗੇ।