ਗੁਰਦੀਪ ਸਿੰਘ ਲਾਲੀ
ਸੰਗਰੂਰ, 23 ਜਨਵਰੀ
ਫਰੀਡਮ ਫਾਈਟਰ ਉਤਰਾਅਧਿਕਾਰੀ ਜਥੇਬੰਦੀ ਅਤੇ ਸਮਾਜ ਸੇਵੀ ਸੰਸਥਾਵਾਂ ਦੇ ਕਾਰਕੁਨ ਨਗਰ ਸੁਧਾਰ ਟਰੱਸਟ ਦੇ ਭਰਾ ਦੇ ਨਾਂ ’ਤੇ ਬਣਾਈ ਜਾ ਰਹੀ ਯਾਦਗਾਰ ‘ਸੰਜੇ ਗਾਬਾ ਸਪੋਰਟਸ ਗਰਾਊਂਡ’ ਦਾ ਵਿਰੋਧ ਕਰਦਿਆਂ ਅੱਜ ਜਿਉਂ ਹੀ ਯਾਦਗਾਰ ਦਾ ਬੋਰਡ ਪੁੱਟਣ ਜਾ ਰਹੇ ਸੀ ਤਾਂ ਸ਼ਹੀਦ ਭਗਤ ਸਿੰਘ ਚੌਂਕ ਵਿਚ ਹੀ ਪੁਲੀਸ ਨੇ ਨਾਕੇਬੰਦੀ ਕਰਕੇ ਉਹਨ੍ਹਾਂ ਨੂੰ ਰੋਕ ਲਿਆ। ਇਸ ਮੌਕੇ ਪੁਲੀਸ ਤੇ ਕਾਰਕੁਨਾਂ ਵਿਚਕਾਰ ਜੰਮ ਕੇ ਤਕਰਾਰਬਾਜ਼ੀ ਤੇ ਧੱਕਾ-ਮੁੱਕੀ ਹੋਈ। ਰੋਹ ’ਚ ਪ੍ਰਦਰਸ਼ਨਕਾਰੀਆਂ ਵੱਲੋਂ ਸ਼ਹੀਦ ਭਗਤ ਸਿੰਘ ਚੌਕ ਨੇੜੇ ਸੜਕ ’ਤੇ ਰੋਸ ਧਰਨਾ ਲਗਾ ਦਿੱਤਾ। ਪ੍ਰਦਰਸ਼ਨਕਾਰੀ ਮੰਗ ਕਰ ਰਹੇ ਸਨ ਕਿ ਨਗਰ ਸੁਧਾਰ ਟਰੱਸਟ ਵਲੋਂ ਬਣਾਈ ਜਾ ਰਹੀ ਯਾਦਗਾਰ ਦਾ ਨਾਂ ਦੇਸ਼ ਲਈ ਸ਼ਹੀਦ ਹੋਣ ਵਾਲੇ ਦੇਸ਼ ਭਗਤ ਦੇ ਨਾਮ ’ਤੇ ਰੱਖਿਆ ਜਾਵੇ। ਇਸ ਮੌਕੇ ਫਰੀਡਮ ਫਾਈਟਰ ਉਤਰਾਅਧਿਕਾਰੀ ਜਥੇਬੰਦੀ ਦੇ ਸੂਬਾ ਪ੍ਰਧਾਨ ਹਰਿੰਦਰਪਾਲ ਸਿੰਘ ਖਾਲਸਾ, ਸਮਾਜ ਸੇਵੀ ਬਲਵੰਤ ਸਿੰਘ ਜੋਗਾ ਤੇ ਚਮਨਦੀਪ ਸਿੰਘ ਮਿਲਖੀ ਨੇ ਕਿਹਾ ਕਿ ਕੈਪਟਨ ਕਰਮ ਸਿੰਘ ਨਗਰ ਵਿਚ ਕਰੀਬ 1500 ਵਰਗ ਗਜ਼ ਸਰਕਾਰੀ ਜਗਾਹ ’ਤੇ ਸਰਕਾਰੀ ਗਰਾਂਟ 24.75 ਲੱਖ ਦੀ ਲਾਗਤ ਨਾਲ ਨਗਰ ਸੁਧਾਰ ਟਰੱਸਟ ਵੱਲੋਂ ਖੇਡ ਪਾਰਕ ਬਣਾਇਆ ਜਾ ਰਿਹਾ ਹੈ। ਇਸ ਖੇਡ ਪਾਰਕ ਦਾ ਨਾਂ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਵੱਲੋਂ ਆਪਣੇ ਭਰਾ ਦੇ ਨਾਂ ’ਤੇ ਰੱਖ ਦਿੱਤਾ ਹੈ ਜਿਸਦੀ ਸ਼ਹਿਰ ਜਾਂ ਸਮਾਜ ਲਈ ਕੋਈ ਦੇਣ ਨਹੀਂ ਹੈ ਜਦੋਂ ਕਿ ਫਰੀਡਮ ਫਾਈਟਰ ਪਿਛਲੇ ਕਰੀਬ ਦੋ ਦਹਾਕਿਆਂ ਤੋਂ ਸਿਰਫ਼ 200 ਵਰਗ ਗਜ਼ ਜਗਾਹ ਦੇਸ਼ ਭਗਤ ਯਾਦਗਾਰ ਹਾਲ ਬਣਾਉਣ ਲਈ ਮੰਗ ਰਹੇ ਹਨ। ਉਨ੍ਹਾਂ ਕਿਹਾ ਕਿ ਬੀਤੀ 13 ਜਨਵਰੀ ਨੂੰ ਕੈਬਨਿਟ ਮੰਤਰੀ ਵਿਜੈਇੰਦਰ ਸਿੰਗਲਾ ਵਲੋਂ ਇਸ ਯਾਦਗਾਰ ਦਾ ਨੀਂਹ ਪੱਥਰ ਰੱਖਿਆ ਸੀ।