ਪੱਤਰ ਪ੍ਰੇਰਕ
ਅਮਰਗੜ੍ਹ, 4 ਅਕਤੂਬਰ
ਇਥੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਇਕਾਈ ਪ੍ਰਧਾਨ ਰਾਜਿੰਦਰ ਸਿੰਘ ਘੁੰਮਣ ਦੀ ਅਗਵਾਈ ਹੇਠ ਪਿੰਡ ਝੂੰਦਾਂ ਵਿੱਚ ਕੇਂਦਰੀ ਮੰਤਰੀ ਅਜੇ ਮਿਸ਼ਰਾ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਫੂਕ ਕੇ ਕੇਂਦਰ ਤੇ ਯੂਪੀ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਮੌਕੇ ਸ੍ਰੀ ਘੁੰਮਣ ਨੇ ਕਿਹਾ ਕਿ ਕੇਂਦਰ ਵੱਲੋਂ ਪਾਸ ਕੀਤੇ ਖੇਤੀ ਕਾਨੂੰਨ ਰੱਦ ਕਰਵਾਉਣ ਲਈ ਕਿਸਾਨ ਸ਼ਾਂਤਮਈ ਧਰਨੇ ਦੇ ਰਹੇ ਹਨ ਪਰ ਯੂਪੀ ਦੇ ਲਖੀਮਪੁਰ ਖੀਰੀ ਜ਼ਿਲ੍ਹੇ ਵਿੱਚ ਕਿਸਾਨਾਂ ਦੀ ਹੋਈ ਦਰਦਨਾਕ ਮੌਤ ਨੇ ਕਿਸਾਨਾਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ।
ਇਸ ਮੌਕੇ ਪਲਵਿੰਦਰ ਸਿੰਘ ਚੰਨਾ, ਜਸਵੀਰ ਸਿੰਘ ਸੀਰਾ, ਜਸਪ੍ਰੀਤ ਸਿੰਘ ਜੱਸੀ, ਜਸਵਿੰਦਰ ਸਿੰਘ, ਸੁਖਵੀਰ ਸਿੰਘ ਸੁੱਖੀ, ਹਰਿੰਦਰ ਸਿੰਘ, ਜਸਦੇਵ ਸਿੰਘ ਜੱਸਾ ਆਦਿ ਹਾਜ਼ਰ ਸਨ। ਇਸ ਉਪੰਰਤ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਹਰਦੀਪ ਸਿੰਘ ਦੀ ਪ੍ਰਧਾਨਗੀ ਹੇਠ ਬਸ ਸਟੈਂਡ ਅਮਰਗੜ੍ਹ ਵਿੱਚ ਪ੍ਰਧਾਨ ਮੰਤਰੀ ਤੇ ਕੇਂਦਰੀ ਮੰਤਰੀ ਦਾ ਪੁਤਲਾ ਫੂਕਿਆ ਗਿਆ।
ਸੰਗਰੂਰ(ਪੱਤਰ ਪ੍ਰੇਰਕ): ਜਮਹੂਰੀ ਅਧਿਕਾਰ ਸਭਾ ਪੰਜਾਬ ਜ਼ਿਲ੍ਹਾ ਇਕਾਈ ਸੰਗਰੂਰ ਨੇ ਯੂ.ਪੀ ਦੇ ਲਖਮੀਰਪੁਰ ਖੀਰੀ ਵਿੱਚ ਵਾਪਰੀ ਘਟਨਾ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ ਹੈ। ਇਕਾਈ ਦੇ ਪ੍ਰਧਾਨ ਨਾਮਦੇਵ ਭੂਟਾਲ, ਸਹਾਇਕ ਸਕੱਤਰ ਗੁਰਪ੍ਰੀਤ ਕੌਰ, ਵਿੱਤ ਸਕੱਤਰ ਮਨਧੀਰ ਸਿੰਘ, ਕਾਰਜਕਾਰੀ ਮੈਂਬਰ ਜਗਰੂਪ ਸਿੰਘ ਤੇ ਮਾਸਟਰ ਵਿਸ਼ਵਕਾਂਤ ਨੇ ਦੱਸਿਆ ਕਿ ਕਿਸਾਨਾਂ ਦੀ ਸ਼ਹਾਦਤ ਫ਼ਾਂਸੀਵਾਦੀ ਹਕੂਮਤ ਦੇ ਕਫ਼ਨ ਵਿਚ ਕਿੱਲ ਸਾਬਤ ਹੋਵੇਗੀ ਅਤੇ ਇਹ ਸੰਘਰਸ਼ ਦੇ ਰੋਹ ਨੂੰ ਹੋਰ ਪ੍ਰਚੰਡ ਕਰੇਗੀ।
ਲਹਿਰਾਗਾਗਾ( ਪੱਤਰ ਪ੍ਰੇਰਕ): ਲੋਕ ਚੇਤਨਾ ਮੰਚ, ਲਹਿਰਾਗਾਗਾ ਅਤੇ ਭਰਾਤਰੀ ਜਥੇਬੰਦੀਆਂ ਦੇ ਬੁਲਾਰਿਆਂ ਮਾਸਟਰ ਹਰਭਗਵਾਨ ਗੁਰਨੇ, ਪੂਰਨ ਸਿੰਘ ਖਾਈ, ਸੁਖਦੇਵ ਚੰਗਾਲੀਵਾਲਾ, ਨਾਮਦੇਵ ਭੁਟਾਲ, ਜਸਵਿੰਦਰ ਗਾਗਾ ਨੇ ਕਿਹਾ ਕਿ ਕਿਸਾਨ ਅੰਦੋਲਨ ਦੇ ਵੇਗ ਮੂਹਰੇ ਮੋਦੀ ਸਰਕਾਰ ਦੇ ਇਹ ਹੱਥਕੰਡੇ ਵੀ ਫੇਲ੍ਹ ਹੋਣੇ ਤਹਿ ਹਨ।
ਦੇਵੀਗੜ੍ਹ (ਪੱਤਰ ਪ੍ਰੇਰਕ): ਬੀਤੇ ਦਿਨ ਯੂ.ਪੀ. ਦੇ ਲਖੀਮਪੁਰ ਖੀਰੀ ਵਿੱਚ ਵਾਪਰੀ ਘਟਨਾ ਖਿਲਾਫ਼ ਹਰਮੀਤ ਸਿੰਘ ਪਠਾਣਮਾਜਰਾ ਹਲਕਾ ਇੰਚਾਰਜ ਸਨੌਰ ਨੇ ਡਿਪਟੀ ਕਮਿਸ਼ਨਰ ਪਟਿਆਲਾ ਦੇ ਨਾਂ ਮੰਗ ਪੱਤਰ ਸੌਂਪਿਆ। ਉਨ੍ਹਾਂ ਮੰਗ ਕੀਤੀ ਕਿ ਲਖਮੀਰਪੁਰ ਖੀਰੀ ਦੌਰਾਨ ਕਿਸਾਨਾਂ ਦੀ ਮੌਤ ਦੇ ਜ਼ਿੰਮੇਵਾਰ ਭਾਜਪਾ ਦੇ ਮੰਤਰੀ ਅਜੈ ਮਿਸ਼ਰਾ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ।
ਧੂਰੀ (ਖੇਤਰੀ ਪ੍ਰਤੀਨਿਧ): ਉੱਤਰ ਪ੍ਰਦੇਸ਼ ਦੇ ਪਿੰਡ ਲਖਮੀਰ ਖੀਰੀ ਵਿੱਚ ਵਾਪਰੀ ਘਟਨਾ ਵਿੱਚ ਕਿਸਾਨਾਂ ਦੀਆਂ ਹੋਈਆਂ ਮੌਤਾਂ ਦੀ ਹਲਕੇ ਦੇ ਵੱਖ-ਵੱਖ ਪਾਰਟੀਆਂ ਦੇ ਆਗੂਆਂ ਨੇ ਸਖਤ ਸ਼ਬਦਾਂ ਵਿੱਚ ਨਿੰਦਾ ਕੀਤੀ ਤੇ ਘਟਨਾ ਲਈ ਯੋਗੀ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ। ਜਾਰੀ ਪ੍ਰੈਸ ਬਿਆਨਾਂ ਵਿੱਚ ‘ਆਪ’ ਦੇ ਸੀਨੀਅਰ ਆਗੂ ਸਤਿੰਦਰ ਸਿੰਘ ਚੱਠਾ, ਆੜਤੀਆਂ ਐਸੋਸੀਏਸ਼ਨ ਦੇ ਪ੍ਰਧਾਨ ਜਗਤਾਰ ਸਿੰਘ ਸਮਰਾ, ਕਾਂਗਰਸ ਆਗੂ ਬਲਵਿੰਦਰ ਸਿੰਘ ਬਿੱਲੂ, ਕਿਸਾਨ ਆਗੂ ਨਿਰੰਜਨ ਸਿੰਘ ਦੋਹਲਾ, ਸੁਖਜੀਤ ਸਿੰਘ ਲੱਡਾ ਨੇ ਸੰਬੋਧਨ ਕੀਤਾ।
ਪੱਚੀ ਪਿੰਡਾਂ ’ਚ ਮੋਦੀ ਤੇ ਯੋਗੀ ਦੀਆਂ ਅਰਥੀਆਂ ਸਾੜੀਆਂ
ਮੂਨਕ (ਪੱਤਰ ਪ੍ਰੇਰਕ): ਕੱਲ ਯੂ ਪੀ ’ਚ ਉਪ ਮੁੱਖ ਮੰਤਰੀ ਦੇ ਸ਼ਾਂਤਮਈ ਵਿਰੋਧ ਮਗਰੋਂ ਵਾਪਸ ਜਾ ਰਹੇ 8 ਕਿਸਾਨ ਨੂੰ ਭਾਜਪਾ ਦੇ ਗ੍ਰਹਿ ਮੰਤਰੀ ਅਜੈ ਟੈਣੀ ਦੇ ਮੁੰਡੇ ਵੱਲੋਂ ਗੱਡੀ ਹੇਠ ਕੁਚਲਣ ਦੇ ਰੋਸ ਵਜੋਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਲਹਿਰਾ ਮੂਨਕ ਵਲੋਂ ਮੋਦੀ ਤੇ ਯੋਗੀ ਦੀਆਂ ਸਰਕਾਰ ਅਰਥੀਆਂ ਲਗਪੱਗ 25 ਪਿੰਡਾਂ ਵਿੱਚ ਸਾੜੀਆਂ ਗਈਆਂ। ਇਸ ਬਲਾਕ ਆਗੂ ਰਿੰਕੂ ਤੇ ਸੁਖਦੇਵ ਕੜੈਲ ਨੇ ਦੱਸਿਆ ਕਿ ਖੇਤੀ ਕਾਨੂੰਨਾਂ ਵਿਰੁੱਧ ਸੰਯੁਕਤ ਕਿਸਾਨ ਮੋਰਚੇ ਦੇ ਲਗਾਤਾਰ ਜਿੱਤ ਵੱਲ ਵਧਦੇ ਕਦਮਾਂ ਤੋਂ ਬੁਖਲਾਹਟ ਵਿੱਚ ਆਈ ਯੂ ਪੀ ਦੀ ਭਾਜਪਾ ਸਰਕਾਰ ਦੇ ਮੰਤਰੀ ਅਜੈ ਟੈਣੀ ਦੇ ਗੁੰਡਾਗਰਦ ਮੁੰਡੇ ਵੱਲੋਂ ਸ਼ਾਂਤਮਈ ਜਾ ਰਹੇ ਕਿਸਾਨਾਂ ਨੂੰ ਗੱਡੀ ਹੇਠ ਕੁਚਲ ਕੇ ਮਾਰਨ ਦੀ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਲਹਿਰਾ ਮੂਨਕ ਵੱਲੋਂ ਸਖ਼ਤ ਨਿੰਦਾ ਕੀਤੀ ਜਾਂਦੀ ਹੈ ਅਤੇ ਸ਼ਹੀਦ ਹੋਏ ਕਿਸਾਨਾਂ ਦੇ ਪਰਿਵਾਰਾਂ ਨਾਲ ਡੂੰਘੀ ਹਮਦਰਦੀ ਪ੍ਰਗਟ ਕੀਤੀ ਗਈ ਹੈ।