ਐੱਸਐੱਸ ਸੱਤੀ
ਮਸਤੂਆਣਾ ਸਾਹਿਬ, 23 ਅਪਰੈਲ
ਅਕਾਲ ਕਾਲਜ ਆਫ ਫਿਜੀਕਲ ਐਜੂਕੇਸ਼ਨ ਮਸਤੂਆਣਾ ਸਾਹਿਬ ਵਿੱਚ ਦੋ ਰੋਜ਼ਾ ਸੀਨੀਅਰ ਜੂਨੀਅਰ (ਲੜਕੇ- ਲੜਕੀਆਂ) ਸਟੇਟ ਕਬੱਡੀ ਚੈਂਪੀਅਨਸ਼ਿਪ ਕਬੱਡੀ ਐਸੋਸੀਏਸ਼ਨ ਦੇ ਪ੍ਰਧਾਨ ਸਿਕੰਦਰ ਸਿੰਘ ਮਲੂਕਾ ਅਤੇ ਸਕੱਤਰ ਅਮਨਦੀਪ ਸਿੰਘ ਮੱਲ੍ਹੀ ਹੋਰਾਂ ਦੀ ਸਰਪ੍ਰਸਤੀ ਅਤੇ ਪ੍ਰਿੰਸੀਪਲ ਡਾ. ਗੀਤਾ ਠਾਕੁਰ ਦੀ ਨਿਗਰਾਨੀ ਹੇਠ ਸਮੂਹ ਸਟਾਫ ਦੇ ਸਹਿਯੋਗ ਨਾਲ ਸ਼ੁਰੂ ਹੋਈ। ਚੈਂਪੀਅਨਸ਼ਿਪ ਦਾ ਉਦਘਾਟਨ ਪੰਜਾਬ ਮਾਸਟਰ ਅਥਲੈਟਿਕ ਐਸੋਸੀਏਸ਼ਨ ਦੇ ਜਨਰਲ ਸਕੱਤਰ ਕੈਪਟਨ ਡਾ. ਭੁਪਿੰਦਰ ਸਿੰਘ ਪੂਨੀਆ ਨੇ ਕੀਤਾ ਜਦੋਂ ਕਿ ਵਿਸ਼ੇਸ਼ ਮਹਿਮਾਨ ਵਜੋਂ ਮਾਰਕੀਟ ਕਮੇਟੀ ਦੇ ਸਾਬਕਾ ਚੇਅਰਮੈਨ ਬਲਦੇਵ ਸਿੰਘ ਭੰਮਾਵੱਦੀ, ਮਨਜੀਤ ਸਿੰਘ ਬਾਲੀਆਂ, ਗੁਰਜੰਟ ਸਿੰਘ ਦੁੱਗਾਂ, ਡਾ ਉਂਕਾਰ ਸਿੰਘ, ਡਾ. ਬਹਾਦਰ ਸਿੰਘ, ਡਾ. ਸੁਖਦੀਪ ਕੌਰ, ਮਨਜੀਤ ਕੌਰ ਤੇ ਸੁਖਜੀਤ ਸਿੰਘ ਘੁਮਾਣ ਨੇ ਸ਼ਿਰਕਤ ਕੀਤੀ। ਚੈਂਪੀਅਨਸ਼ਿਪ ਵਿੱਚ ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਤੋਂ ਲੜਕੇ ਅਤੇ ਲੜਕੀਆਂ ਦੀਆਂ 16 ਦੇ ਕਰੀਬ ਟੀਮਾਂ ਨੇ ਹਿੱਸਾ ਲਿਆ। ਇਸ ਸਬੰਧੀ ਪ੍ਰੋ. ਸੋਹਨਦੀਪ ਸਿੰਘ ਜੁਗਨੂੰ ਨੇ ਦੱਸਿਆ ਕਿ ਵੱਖ ਵੱਖ ਟੀਮਾਂ ਦੇ ਮੁਕਾਬਲਿਆਂ ਦੌਰਾਨ ਲੜਕਿਆਂ ਵਿੱਚ ਰੋਪੜ ਨੇ ਮੁਕਤਸਰ, ਪਠਾਨਕੋਟ ਨੇ ਫਾਜ਼ਿਲਕਾ, ਸੰਗਰੂਰ ਨੇ ਬਠਿੰਡਾ ਅਤੇ ਅੰਮ੍ਰਿਤਸਰ ਨੇ ਫ਼ਰੀਦਕੋਟ ਦੀ ਟੀਮ ਨੂੰ ਹਰਾਇਆ। ਇਸੇ ਤਰ੍ਹਾਂ ਲੜਕੀਆਂ ਵਿੱਚ ਅੰਮ੍ਰਿਤਸਰ ਦੀ ਟੀਮ ਨੇ ਪਟਿਆਲਾ, ਫਾਜ਼ਿਲਕਾ ਨੇ ਮਾਨਸਾ, ਫਤਹਿਗੜ੍ਹ ਸਾਹਿਬ ਨੇ ਪਠਾਨਕੋਟ, ਫ਼ਰੀਦਕੋਟ ਨੇ ਮੁਕਤਸਰ ਅਤੇ ਅੰਮ੍ਰਿਤਸਰ ਨੇ ਫ਼ਾਜ਼ਿਲਕਾ ਨੂੰ ਹਰਾਇਆ।