ਹਰਦੀਪ ਸਿੰਘ ਸੋਢੀ
ਧੂਰੀ, 3 ਅਕਤੂਬਰ
ਮੁੱਖ ਮੰਤਰੀ ਭਗਵੰਤ ਮਾਨ ਦੀ ਭੈਣ ਮਨਪ੍ਰੀਤ ਕੌਰ ਵੱਲੋਂ ਸਥਾਨਕ ਨਵੀਂ ਅਨਾਜ ਮੰਡੀ ਵਿਖੇ ਝੋਨੇ ਦੀ ਸਰਕਾਰੀ ਖਰੀਦ ਸ਼ੁਰੂ ਕਰਵਾਉਦਿਆਂ ਸਾਰੇ ਪ੍ਰਬੰਧਾਂ ਦਾ ਜਾਇਜ਼ਾ ਲਿਆ। ਇਸ ਮੌਕੇ ਮੁੱਖ ਮੰਤਰੀ ਦੇ ਓਐੱਸਡੀ ਉਂਕਾਰ ਸਿੰਘ, ਪੰਜਾਬ ਗਊ ਸੇਵਾ ਕਮਿਸ਼ਨ ਦੇ ਚੇਅਰਮੈਨ ਅਸ਼ੋਕ ਕੁਮਾਰ ਲੱਖਾ, ਐੱਸਡੀਐੱਮ ਧੂਰੀ ਅਮਿਤ ਗੁਪਤਾ, ਤਹਿਸੀਲਦਾਰ ਕੁਲਦੀਪ ਸਿੰਘ ਸਣੇ ਖਰੀਦ ਏਜੰਸੀਆਂ ਦੇ ਅਧਿਕਾਰੀ ਮੌਜੂਦ ਸਨ।
ਮਨਪ੍ਰੀਤ ਕੌਰ ਨੇ ਕਿਹਾ ਕਿ ਸਰਕਾਰ ਵੱਲੋਂ ਕੀਤੇ ਵਾਅਦੇ ਅਨੁਸਾਰ ਮੰਡੀਆਂ ਅੰਦਰ ਸਾਰੇ ਖਰੀਦ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ ਅਤੇ ਕਿਸੇ ਨੂੰ ਵੀ ਕਿਸੇ ਵੀ ਤਰ੍ਹਾਂ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ। ਉਨ੍ਹਾਂ ਕਿਹਾ ਕਿ ਕਿਸਾਨਾਂ ਦੀ ਫ਼ਸਲ ਦਾ ਇੱਕ-ਇੱਕ ਦਾਣਾ ਚੁੱਕਿਆ ਜਾਵੇਗ। ਉਨ੍ਹਾਂ ਮੰਡੀ ਨੂੰ ਆਉਣ-ਜਾਣ ਵਾਲੇ ਰਸਤਿਆਂ ਦੀ ਮੁਰੰਮਤ ਜਲਦੀ ਕਰਵਾਉਣ ਦਾ ਭਰੋਸਾ ਦਿਵਾਇਆ। ਇਸ ਮੌਕੇ ਆੜ੍ਹਤੀਆ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਜਗਤਾਰ ਸਿੰਘ ਸਮਰਾ ਨੇ ਖਰੀਦ ਪ੍ਰਬੰਧਾਂ ’ਤੇ ਸੰਤੁਸ਼ਟੀ ਜ਼ਾਹਿਰ ਕੀਤੀ।
ਇਸ ਮੌਕੇ ਮੁੱਖ ਮੰਤਰੀ ਦੇ ਓਐੱਸਡੀ ਉਕਾਰ ਸਿੰਘ ਨੂੰ ਅੱਜ ਅਨਾਜ ਮੰਡੀ ਦੇ ਵਿਕਾਸ ਸਬੰਧੀ ਮੁੱਖ ਮੰਤਰੀ ਦੇ ਨਾਂ ਇਕ ਮੰਗ ਪੱਤਰ ਵੀ ਸੌਂਪਿਆ ਗਿਆ।
ਸ਼ੈਲਰ ਮਾਲਕਾਂ ਦਾ ਵਫ਼ਦ ਮਨਪ੍ਰੀਤ ਕੌਰ ਨੂੰ ਮਿਲਿਆ
ਧੂਰੀ ਰਾਈਸ ਮਿੱਲਰਜ਼ ਐਸੋਸੀਏਸ਼ਨ ਦਾ ਵਫ਼ਦ ਪ੍ਰਧਾਨ ਸੁਰੇਸ਼ ਜਿੰਦਲ ਦੀ ਅਗਵਾਈ ਹੇਠ ਮੁੱਖ ਮੰਤਰੀ ਭਗਵੰਤ ਮਾਨ ਦੀ ਭੈਣ ਮਨਪ੍ਰੀਤ ਕੌਰ, ਓ.ਐਸ.ਡੀ ਉਂਕਾਰ ਸਿੰਘ ਸਿੱਧੂ ਅਤੇ ਪੰਜਾਬ ਗਊ ਸੇਵਾ ਕਮਿਸ਼ਨ ਦੇ ਚੇਅਰਮੈਨ ਅਸ਼ੋਕ ਕੁਮਾਰ ਲੱਖਾ ਨੂੰ ਮਿਲਿਆ। ਇਸ ਮੌਕੇ ਵਫਦ ਵੱਲੋਂ ਓ.ਐਸ.ਡੀ ਉਕਾਰ ਸਿੰਘ ਅਤੇ ਚੇਅਰਮੈਨ ਅਸ਼ੋਕ ਕੁਮਾਰ ਲੱਖਾ ਨੂੰ ਮੁੱਖ ਮੰਤਰੀ ਦੇ ਨਾਂ ਇਕ ਮੰਗ ਪੱਤਰ ਵੀ ਸੌਂਪਿਆ ਗਿਆ। ਮੁਲਾਕਾਤ ਉਪਰੰਤ ਪ੍ਰਧਾਨ ਸੁਰੇਸ਼ ਜਿੰਦਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਧੂਰੀ ਵਿਖੇ ਸਾਲਾਨਾ ਕਰੀਬ 10700 ਚਾਵਲ ਦੀਆਂ ਕਨਸਾਈਨਮੈਂਟਾਂ ਡਿਲੀਵਰ ਹੁੰਦੀਆਂ ਹਨ ਅਤੇ ਧੂਰੀ ਵਿਖੇ ਰੇਲ ਹੈੱਡ ਹੋਣ ਕਾਰਨ ਮਾਲੇਰਕੋਟਲਾ, ਸ਼ੇਰਪੁਰ, ਸੰਦੌੜ ਦੇ ਰਾਈਸ ਮਿੱਲਰ ਵੀ ਧੂਰੀ ਦੇ ਐਫ.ਸੀ.ਆਈ ਡਿਪੂਆਂ ਵਿੱਚ ਚਾਵਲ ਭੁਗਤਾ ਰਹੇ ਹਨ, ਜਿਸ ਕਾਰਨ ਧੂਰੀ ਦੇ ਡਿਪੂਆਂ ਵਿੱਚ ਜਗਾ ਦੀ ਘਾਟ ਹੋਣ ਕਾਰਨ ਧੂਰੀ ਦੇ ਰਾਈਸ ਮਿੱਲਰਾਂ ਨੂੰ ਖਮਿਆਜ਼ਾ ਭੁਗਤਣਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਸੰਗਰੂਰ ਦੇ ਡਿਪੂਆਂ ਵਿੱਚ ਜਿੱਥੇ 70 ਤੋਂ 80 ਫੀਸਦੀ ਜਗਾ ਪਈ ਹੈ, ਪਰ ਧੂਰੀ ਦੇ ਡਿਪੂਆਂ ਵਿੱਚ ਕੋਈ ਵੀ ਜਗਾ ਨਾ ਹੋਣ ਕਾਰਨ ਸ਼ੈਲਰ ਮਾਲਕਾਂ ਨੂੰ ਨਵੀਂ ਝੋਨੇ ਦੀ ਫ਼ਸਲ ਦਾ ਪੀੜਿਆ ਚਾਵਲ ਭੁਗਤਾਉਣ ਲਈ ਖੱਜਲ ਖੁਆਰ ਹੋਣਾ ਪਵੇਗਾ। ਉਨ੍ਹਾਂ ਦੱਸਿਆ ਕਿ ਠੇਕੇਦਾਰ ਦਾ ਸਰਕਾਰ ਨਾਲ ਅਦਾਲਤੀ ਕੇਸ ਚੱਲਣ ਕਾਰਨ ਧੂਰੀ ਵਿਖੇ ਸ਼ਪੈਸਲਾਂ ਵੀ ਨਹੀਂ ਲੱਗ ਰਹੀਆਂ। ਉਨ੍ਹਾਂ ਮੰਗ ਕੀਤੀ ਕਿ ਧੂਰੀ ਵਿਖੇ ਵਿਸ਼ੇਸ਼ ਸਪੈਸ਼ਲਾਂ ਮਨਜ਼ੂਰ ਕਰਵਾ ਕੇ ਜਿੱਥੇ ਪੁਰਾਣੇ ਚਾਵਲ ਨੂੰ ਖਰਾਬ ਹੋਣ ਤੋਂ ਬਚਾਇਆ ਜਾਵੇ, ਉਥੇ ਸ਼ੈਲਰ ਮਾਲਕਾਂ ਨੂੰ ਪੀੜਿਆ ਚਾਵਲ ਭੁਗਤਾਉਣ ਲਈ ਜਗਾ ਦਿੱਤੀ ਜਾਵੇ। ਇਸ ਮੌਕੇ ਕੌਂਸਲਰ ਰਾਕੇਸ਼ ਕੁਮਾਰ ਰਿੰਕੂ ਚੌਧਰੀ, ਸੰਜੇ ਸਿੰਗਲਾ,ਵਿਜੈ ਬਾਂਸਲ, ਚੰਦਨਦੀਪ ਸਿੰਗਲਾ ਤੇ ਸ਼ਸੀ ਬਾਂਸਲ ਵੀ ਹਾਜ਼ਰ ਸਨ।