ਪੱਤਰ ਪ੍ਰੇਰਕ
ਲਹਿਰਾਗਾਗਾ, 4 ਸਤੰਬਰ
ਖੇਡਾਂ ਵਤਨ ਪੰਜਾਬ ਦੀਆਂ ਤਹਿਤ ਬਲਾਕ ਲਹਿਰਾਗਾਗਾ ਦੇ ਰੱਸਾ-ਕਸ਼ੀ ਮੁਕਾਬਲੇ ਪਿੰਡ ਭਾਈ ਕੀ ਪਿਸ਼ੌਰ ਵਿੱਚ ਕਰਵਾਏ ਗਏ, ਜਿਸ ਵਿੱਚ ਬਲਾਕ ਲਹਿਰਾਗਾਗਾ ਦੇ ਤਕਰੀਬਨ ਸਾਰੇ ਸਕੂਲਾਂ ਨੇ ਹਿੱਸਾ ਲਿਆ। ਇਸ ਦੌਰਾਨ ਅੰਡਰ 14 (ਲੜਕੀਆਂ) ਦਾ ਫਾਈਨਲ ਮੁਕਾਬਲਾ ਗੁਰੁੂ ਨਾਨਕ ਅਕੈਡਮੀ ਲਹਿਲ ਕਲਾਂ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭਾਈ ਕੀ ਪਿਸ਼ੌਰ ਦੀਆਂ ਲੜਕੀਆਂ ਵਿਚਕਾਰ ਹੋਇਆ। ਇਸ ਦੌਰਾਨ ਗੁਰੁੂ ਨਾਨਕ ਅਕੈਡਮੀ ਲਹਿਲ ਕਲਾਂ ਦੀ ਟੀਮ ਨੇ ਜਿੱਤ ਦਰਜ ਕਰਦਿਆਂ ਸੋਨੇ ਦਾ ਤਗ਼ਮਾ ਆਪਣੇ ਨਾਮ ਕੀਤਾ। ਇਸ ਦੌਰਾਨ ਅਕੈਡਮੀ ਪ੍ਰਬੰਧਕ ਜਸਵਿੰਦਰ ਸਿੰਘ, ਬਲਦੇਵ ਸਿੰਘ ਗਹਿਲ, ਰਾਜਵਿੰਦਰ ਸਿੰਘ ਅਤੇ ਪ੍ਰਿੰਸੀਪਲ ਪ੍ਰਵੀਨ ਕੁਮਾਰ ਨੇ ਖਿਡਾਰੀਆਂ ਨੂੰ ਵਧਾਈ ਦਿੱਤੀ।
ਪਟਿਆਲਾ (ਪੱਤਰ ਪ੍ਰੇਰਕ): ਬਲਾਕ ਪਟਿਆਲਾ ਦਿਹਾਤੀ ਵਿੱਚ ਅੰਡਰ-21 ਵਿੱਚ ਲੜਕਿਆਂ ਦੀ ਟੱਗ ਆਫ਼ ਵਾਰ ਟੀਮ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤ੍ਰਿਪੜੀ ਪਟਿਆਲਾ ਨੇ ਪਹਿਲਾ ਸਥਾਨ ਹਾਸਲ ਕੀਤਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤ੍ਰਿਪੜੀ ਪਟਿਆਲਾ ਲੜਕੀਆਂ ਦੀ ਅੰਡਰ-21 ਅਤੇ ਲੜਕਿਆਂ ਅੰਡਰ-17 ਦੀ ਟੀਮ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਜ਼ਿਲ੍ਹਾ ਸਪੋਰਟਸ ਅਫ਼ਸਰ ਸ਼ਾਸ਼ਵਤ ਰਾਜ਼ਦਾਨ ਨੇ ਦੱਸਿਆ ਕਿ ਫੁਟਬਾਲ ਗੇਮ ਅੰਡਰ-21 ਵਿੱਚ ਲੜਕਿਆਂ ਦੀ ਟੀਮ ਦਲਬੀਰ ਫੁਟਬਾਲ ਅਕੈਡਮੀ ਨੇ ਆਰਮੀ ਪਬਲਿਕ ਸਕੂਲ ਦੀ ਟੀਮ ਨੂੰ ਹਰਾਇਆ। ਖੋਹ-ਖੋਹ ਅੰਡਰ-14 ਲੜਕੀਆਂ ਸੰਤ ਈਸ਼ਰ ਸਿੰਘ ਸਕੂਲ ਆਲੋਵਾਲ ਨੇ 13-12 ਨਾਲ ਸਰਕਾਰੀ ਮਿਡਲ ਸਕੂਲ ਝੰਡੀ ਨੂੰ ਹਰਾਇਆ।
ਮਸਤੂਆਣਾ ਸਾਹਿਬ (ਪੱਤਰ ਪ੍ਰੇਰਕ): ਖੇਡਾਂ ਵਤਨ ਪੰਜਾਬ ਦੀਆਂ ਤਹਿਤ ਸੰਗਰੂਰ ਬਲਾਕ ਦੇ ਕਬੱਡੀ ਅਤੇ ਖੋ-ਖੋ ਦੇ ਮੁਕਾਬਲਿਆਂ ਬਾਰੇ ਕਨਵੀਨਰ ਇੰਦਰਜੀਤ ਸਿੰਘ ਨੇ ਦੱਸਿਆ ਕਿ 21 ਸਾਲ ਵਰਗ ਦੇ ਨੈਸ਼ਨਲ ਕਬੱਡੀ ਮੁਕਾਬਲਿਆਂ ’ਚ ਚੰਗਾਲ ਨੇ ਸਲਾਈਟ ਲੌਂਗੋਵਾਲ ਨੂੰ 53-42 ਨਾਲ, ਬਡਰੁੱਖਾਂ ਨੇ ਢੱਡਰੀਆਂ ਨੂੰ 46-37 ਦੇ ਫਰਕ ਨਾਲ ਹਰਾ ਕੇ ਫਾਈਨਲ ਵਿਚ ਦਾਖ਼ਲ ਹੋਈ ਹੈ। ਇਸੇ ਤਰ੍ਹਾਂ ਚੰਗਾਲ ਨੇ ਬਡਰੁੱਖਾਂ ਨੂੰ 63-30 ਨਾਲ ਹਰਾ ਕੇ ਕ੍ਰਮਵਾਰ ਪਹਿਲਾ ਅਤੇ ਦੂਸਰਾ ਸਥਾਨ ਹਾਸਲ ਕੀਤਾ ਹੈ।
ਧੂਰੀ (ਨਿੱਜੀ ਪੱਤਰ ਪ੍ਰੇਰਕ): ਗੁਰੂ ਤੇਗ ਬਹਾਦਰ ਪਬਲਿਕ ਸਕੂਲ ਬਰੜਵਾਲ ਧੂਰੀ ਦੇ ਵਿਦਿਆਰਥੀਆਂ ਨੇ ਪੰਜਾਬ ਰਾਜ ਓਪਨ ਖੇਡਾਂ ਅਤੇ ਐਥਲੈਟਿਕਸ ਮੀਟ ਦੇ ਵੱਖ ਵੱਖ ਮੁਕਾਬਲਿਆਂ ਵਿੱਚ ਜਿੱਤਾਂ ਦਰਜ ਕੀਤੀਆਂ ਹਨ। ਜ਼ਿਕਰਯੋਗ ਹੈ ਕਿ ਰੱਸਾ-ਕਸ਼ੀ ਗੋਲਡ ਮੈਡਲ , ਖੋ- ਖੋ ਵਿੱਚ ਲੜਕੀਆਂ ਨੇ ਗੋਲਡ ਮੈਡਲ, ਐਥਲੈਟਿਕਸ ਅੰਡਰ -17 ( ਲੜਕੇ ) ਲਵਪ੍ਰੀਤ ਸਿੰਘ -ਈਵੈਂਟ 100 ਮੀਟਰ ਸਿਲਵਰ ਮੈਡਲ ਜਿੱਤਿਆ ਹੈ।
ਜ਼ੋਨਲ ਟੂਰਨਾਮੈਂਟ ਵਿੱਚ ਬਖੋਪੀਰ ਦੀ ਟੀਮ ਜੇਤੂ
ਭਵਾਨੀਗੜ੍ਹ (ਪੱਤਰ ਪ੍ਰੇਰਕ): ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਬਖੋਪੀਰ ਦੀ ਅੰਡਰ-14 ਲੜਕਿਆਂ ਦੀ ਹਾਕੀ ਟੀਮ ਨੇ ਜ਼ੋਨਲ ਟੂਰਨਾਮੈਂਟ ਵਿੱਚ ਨਦਾਮਪੁਰ ਸਕੂਲ ਦੀ ਟੀਮ ਨੂੰ ਹਰਾ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ। ਜੇਤੂ ਟੀਮ ਦੇ ਸਕੂਲ ਵਿੱਚ ਪਹੁੰਚਣ ਤੇ ਪ੍ਰਿੰਸੀਪਲ ਮਹਿੰਦਰਪਾਲ ਕੌਰ ਨੇ ਖਿਡਾਰੀਆਂ, ਟੀਮ ਦੇ ਇੰਚਾਰਜ਼ ਪਰਦੀਪ ਕੌਰ ਤੇ ਅਮਨਿੰਦਰ ਸਿੰਘ ਵਿਰਕ ਕਾਕੜਾ ਨੂੰ ਵਧਾਈ ਦਿੱਤੀ।