ਨਿੱਜੀ ਪੱਤਰ ਪ੍ਰੇਰਕ
ਧੂਰੀ, 21 ਅਕਤੂਬਰ
ਹਰ ਸਾਲ ਦੀ ਤਰ੍ਹਾਂ ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ) ਵੱਲੋਂ ਸਾਹਿਤ ਸਭਾ ਧੂਰੀ ਦੇ ਸਹਿਯੋਗ ਨਾਲ਼ ਮਹਾਰਿਸ਼ੀ ਵਾਲਮੀਕਿ ਦੇ ਜੀਵਨ ਅਤੇ ਕਾਰਜਾਂ ਵਿਸ਼ੇ ਉੱਤੇ ਵਿਚਾਰ ਗੋਸ਼ਟੀ ਕਰਵਾਈ ਗਈ। ਇਸ ਗੋਸ਼ਟੀ ਦੇ ਮੁੱਖ ਬੁਲਾਰੇ ਸ. ਗੁਰਦੇਵ ਸਿੰਘ ਮੁਰ੍ਹਾੜਾ ਸਾਬਕਾ ਡੀ.ਈ.ਓ. ਨੇ ਆਪਣਾ ਪੇਪਰ ਪੇਸ਼ ਕੀਤਾ। ਸਮਾਗਮ ਵਿੱਚ ਹਾਜ਼ਰ ਲੇਖਕਾਂ ਵੱਲੋਂ ਸਰਬਸੰਮਤੀ ਨਾਲ਼ ਮਤਾ ਪਾਸ ਕਰਕੇ ਪੰਜਾਬ ਸਰਕਾਰ ਦੇ ਭਾਸ਼ਾ ਸਲਾਹਕਾਰ ਬੋਰਡ ਵੱਲੋਂ ਐਲਾਨ ਕੀਤੇ ਭਾਸ਼ਾ ਵਿਭਾਗ ਦੇ 108 ਪੁਰਸਕਾਰ ਦੇਣ ਦੀ ਮੰਗ ਕੀਤੀ। ਦਲੇਖਕ ਗੁਲ਼ਜ਼ਾਰ ਸਿੰਘ ਸ਼ੌਂਕੀ ਨੂੰ ਸਭਾ ਅਤੇ ਪ੍ਰਿੰਸੀਪਲ ਸੰਤ ਸਿੰਘ ਬੀਲ੍ਹਾ ਵੱਲੋਂ ਸਨਮਾਨਿਤ ਕੀਤਾ ਗਿਆ। ਇਸ ਸਮਾਗਮ ਵਿੱਚ 5 ਵੱਖ-ਵੱਖ ਲੇਖਕਾਂ ਦੀਆਂ ਕਿਤਾਬਾਂ ਲੋਕ ਅਰਪਣ ਕੀਤੀਆਂ ਗਈਆਂ, ਜਿਨ੍ਹਾਂ ਵਿੱਚ ਮਾ. ਗੁਰਚਰਨ ਸਿੰਘ ਢੁੱਡੀਕੇ ਦੀ ਵਾਰਤਕ ਪੁਸਤਕ ‘ਇਲਾਕਾ ਢੁੱਡੀਕੇ ਦੇ ਉੱਘੇ ਖਿਡਾਰੀ’, ਸਿੰਦਰ ਧੋਲ਼ਾ ਦਾ ਗੀਤ ਸੰਗ੍ਰਹਿ ‘ਜਿੱਤਾਂਗੇ ਜੰਗ’, ਦਰਸ਼ਨ ਸਿੰਘ ਪ੍ਰੀਤੀ ਮਾਨ ਦੀ ਜੀਵਨੀਆਂ ਦੀ ਪੁਸਤਕ ‘ਅਨਮੋਲ ਹੀਰੇ’, ਰਣਜੀਤ ਸਿੰਘ ਧੂਰੀ ਦਾ ਦੂਜਾ ਗ਼ਜ਼ਲ ਸੰਗ੍ਰਹਿ ‘ਰਬਾਬ ਤੋਂ ਕਿਰਪਾਨ ਤੱਕ’, ਬੀਬਾ ਹਰਦੀਪ ਬਾਵਾ ਦਾ ਕਾਵਿ ਸੰਗ੍ਰਹਿ ‘ਮਨ ਦੇ ਸਫੇ ਤੋਂ’ ਪ੍ਰਧਾਨਗੀ ਮੰਡਲ ਵੱਲੋਂ ਲੋਕ ਅਰਪਣ ਕੀਤੀਆਂ ਗਈਆਂ। ਇਸ ਮੌਕੇ ਕਵੀ ਦਰਬਾਰ ਵੀ ਕਰਵਾਇਆ ਗਿਆ।