ਖੇਤਰੀ ਪ੍ਰਤੀਨਿਧ
ਪਟਿਆਲਾ, 28 ਅਗਸਤ
ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਸਾਕਸ਼ੀ ਸਾਹਨੀ ਨੇ ਜ਼ਿਲ੍ਹੇ ਦੇ ਸਮੂਹ ਚੋਣ ਰਜਿਸਟ੍ਰੇਸ਼ਨ ਅਫ਼ਸਰਾਂ ਨੂੰ ਵੋਟਰ ਕਾਰਡ ਨੂੰ ਆਧਾਰ ਕਾਰਡ ਨਾਲ ਲਿੰਕ ਕਰਨ ਦੇ ਕੰਮ ਵਿੱਚ ਹੋਰ ਤੇਜ਼ੀ ਲਿਆਉਣ ਦੇ ਨਿਰਦੇਸ਼ ਦਿੱਤੇ ਹਨ। ਉਨ੍ਹਾਂ ਕਿਹਾ ਕਿ ਉਹ ਸੁਪਰਵਾਈਜ਼ਰਾਂ ਤੇ ਬੀਐੱਲਓਜ਼ ਰਾਹੀਂ ਪੋਲਿੰਗ ਬੂਥਾਂ ’ਤੇ ਵਿਸ਼ੇਸ਼ ਕੈਂਪ ਲਗਾਉਣ, ਤਾਂ ਜੋ ਵੱਧ ਤੋਂ ਵੱਧ ਲੋਕਾਂ ਦੇ ਵੋਟਰ ਕਾਰਡ ਆਧਾਰ ਕਾਰਡ ਨਾਲ ਲਿੰਕ ਕੀਤੇ ਜਾ ਸਕਣ। ਸੁਪਰਵਾਈਜ਼ਰ ਤੇ ਬੀਐੱਲਓਜ਼ ਵੱਲੋਂ ਆਧਾਰ ਡਾਟਾ ਇਕੱਤਰ ਕਰਨ ਲਈ ਹਰ ਮਹੀਨੇ ਦੇ ਇੱਕ ਐਤਵਾਰ ਨੂੰ ਪੋਲਿੰਗ ਬੂਥ ’ਤੇ ਵਿਸ਼ੇਸ਼ ਕੈਂਪ ਲਗਾਏ ਜਾਣੇ ਹਨ। ਇਹ ਕੈਂਪ 4 ਸਤੰਬਰ, 16 ਅਕਤੂਬਰ , 20 ਨਵੰਬਰ, 4 ਦਸੰਬਰ, 8 ਜਨਵਰੀ , 5 ਫਰਵਰੀ ਅਤੇ 5 ਮਾਰਚ ਨੂੰ ਲਗਾਏ ਜਾਣ। ਉਨ੍ਹਾਂ ਦੱਸਿਆ ਕਿ ਬੀਐੱਲਓਜ਼ ਵਿਸ਼ੇਸ਼ ਕੈਂਪ ਵਾਲੇ ਦਿਨ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਆਪਣੇ ਪੋਲਿੰਗ ਬੂਥ ’ਤੇ ਬੈਠ ਕੇ ਵੋਟਰਾਂ ਪਾਸੋਂ ਫਾਰਮ ਨੰਬਰ 6 ਬੀ ਵਿੱਚ ਆਧਾਰ ਨੰਬਰ ਇਕੱਤਰ ਕਰਨਗੇ ਅਤੇ ਸੁਪਰਵਾਈਜ਼ਰ ਆਪਣੇ ਅਲਾਟ ਪੋਲਿੰਗ ਬੂਥਾਂ ਦੇ ਬੀਐੱਲਓਜ਼ ਦੇ ਕੰਮ ਦੀ ਨਿਗਰਾਨੀ ਕਰਨਗੇ ਤੇ ਬੀਐੱਲਓਜ਼ ਤੋਂ ਪ੍ਰਾਪਤ ਫਾਰਮਾਂ ਦੀ ਰਿਪੋਰਟ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰ ਦੇ ਦਫ਼ਤਰ ਵਿਖੇ ਭੇਜਣਗੇ।