ਪੱਤਰ ਪ੍ਰੇਰਕ
ਸ਼ੇਰਪੁਰ, 8 ਫਰਵਰੀ
ਹਲਕਾ ਧੂਰੀ ਤੋਂ ਕਾਂਗਰਸੀ ਉਮੀਦਵਾਰ ਦਲਵੀਰ ਸਿੰਘ ਗੋਲਡੀ ਖੰਗੂੜਾ ਦੇ ਹਲਕੇ ਵਿੱਚ ਕਰਵਾਏ ਕੰਮਾਂ ਦਾ ਜ਼ਿਕਰ ਕਰਦਾ ਗੀਤ ‘ਕੌਣ ਜਿੱਤੂ? ਦਲਵੀਰ ਖੰਗੂੜਾ’ ਅਤੇ ‘ਲਾ ਕੇ ਮੋਹਰ ਫਿਰ ਸਾਰੇ, ਬਾਈ ਗੋਲਡੀ ਦੁਬਾਰੇ, ਧੂਰੀ ਤੋਂ ਜਿਤਾਉਣਾ ਦੋ ਹਜ਼ਾਰ ਬਾਈ ਵਿੱਚ’ ਉਸ ਦੇ ਚੋਣ ਪ੍ਰਚਾਰ ਦਾ ਸ਼ਿੰਗਾਰ ਹਨ।
ਇਸੇ ਤਰ੍ਹਾਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਭਗਵੰਤ ਮਾਨ ਦੇ ਹੱਕ ‘ਚ ‘ਐਤਕੀ ਬਣਾਉਣਾ ਆਪਾਂ ਮੁੱਖ ਮੰਤਰੀ ਭਗਵੰਤ ਮਾਨ ਨੂੰ’ ਅਤੇ ਸੰਸਦ ਵਿੱਚ ਮੁੱਦੇ ਉਭਾਰਨ, ਚਿੱਟੇ ਦੇ ਨਸ਼ੇ ਤੇ ਹੋਰ ਮੁੱਦਿਆਂ ਦੀ ਸ਼ਨਾਖ਼ਤ ਕਰਦਾ ‘ਉਧਮ, ਭਗਤ, ਸਰਾਭੇ ਵਰਗਾ ਭੁਲੇਖਾ, ਪੈਂਦਾ ਏ ਤੇਰੀ ਸੋਚ ਤੋਂ’ ਕਾਫ਼ੀ ਚਰਚਾ ਵਿੱਚ ਹੈ। ਉਧਰ ਸੰਯੁਕਤ ਕਿਸਾਨ ਮੋਰਚੇ ਦੇ ਉਮੀਦਵਾਰ ਸਰਬਜੀਤ ਸਿੰਘ ਅਲਾਲ ਦੇ ਹੱਕ ਵਿੱਚ ਚੋਣ ਪ੍ਰਚਾਰ ਦੌਰਾਨ ਗੀਤ, ‘ਕਿਰਤੀ ਕਿਸਾਨਾਂ ਦੀ ਕੁਰਬਾਨੀ ਨੂੰ ਤੁਸੀ ਭੁੱਲ ਨਾ ਜਾਇਓ, ਵੋਟਾਂ ਲੈਣ ਆਏ ਲੋਟੂ ਲਾਣੇ ਨੂੰ ਤੁਸੀਂ ਯਾਦ ਕਰਾਇਓ’, ਸਾਰੀਆਂ ਹੀ ਰਾਜਨੀਤਕ ਪਾਰਟੀਆਂ ਨੂੰ ਕਟਿਹਰੇ ਵਿੱਚ ਖੜ੍ਹਾ ਕਰਦਾ ਵਿਖਾਈ ਦੇ ਰਿਹਾ ਹੈ।