ਜਗਤਾਰ ਸਿੰਘ ਨਹਿਲ
ਲੌਂਗੋਵਾਲ, 16 ਜੁਲਾਈ
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਅਗਵਾਈ ਵਿੱਚ ਪਿੰਡ ਸ਼ੇਰੋਂ ਵਾਸੀਆਂ ਨੇ ਪਿੰਡ ਵਿੱਚ ਸਿਆਸੀ ਪ੍ਰੋਗਰਾਮ ਕਰਨ ’ਤੇ ਪਾਬੰਦੀ ਲਾ ਦਿੱਤੀ ਹੈ। ਗੁਰਦੁਆਰਾ ਸੰਤ ਅਤਰ ਸਿੰਘ ਵਿਖੇ ਇਕਾਈ ਪ੍ਰਧਾਨ ਜਸਪਾਲ ਸਿੰਘ ਮੱਖਣ ਦੀ ਅਗਵਾਈ ਹੇਠ ਪਿੰਡ ਵਾਸੀਆਂ ਦੀ ਇੱਕਤਰਤਾ ਹੋਈ।
ਮੀਟਿੰਗ ਵਿੱਚ ਮਤਾ ਪੇਸ਼ ਕਰਦਿਆਂ ਬਲਾਕ ਆਗੂ ਹਰਪਾਲ ਸਿੰਘ ਹੈਪੀ ਨੇ ਕਿਹਾ ਕਿ ਸਾਰੀਆਂ ਰਾਜਨੀਤਕ ਪਾਰਟੀਆਂ ਵੋਟਾਂ ਪ੍ਰਾਪਤ ਕਰਨ ਤੋਂ ਬਾਅਦ ਲੋਕਾਂ ਨੂੰ ਭੁੱਲ ਜਾਂਦੀਆਂ ਹਨ। ਇਸ ਲਈ ਪਿੰਡ ਵਾਸੀਆਂ ਨੇ ਇਹ ਫ਼ੈਸਲਾ ਕੀਤਾ ਹੈ ਕਿ ਕੋਈ ਵੀ ਬਾਹਰਲਾ ਜਾਂ ਸਥਾਨਕ ਰਾਜਨੀਤਕ ਆਗੂ ਪਿੰਡ ਵਿੱਚ ਕਿਸੇ ਵੀ ਸਟੇਜ ’ਤੇ ਰਾਜਨੀਤੀ ਸਬੰਧੀ ਭਾਸ਼ਣ ਨਹੀਂ ਦੇ ਸਕੇਗਾ। ਪਿੰਡ ਤੋਂ ਬਾਹਰ ਕਿਸੇ ਵੀ ਸਿਆਸੀ ਰੈਲੀ ਜਾਂ ਮੀਟਿੰਗ ਲਈ ਕੋਈ ਵਾਹਨ ਨਹੀਂ ਭੇਜਿਆ ਜਾਵੇਗਾ ਅਤੇ ਸਬੰਧਿਤ ਪਾਰਟੀ ਦੇ ਕੇਵਲ 2 ਵਿਅਕਤੀ ਹੀ ਸਿਆਸੀ ਮੰਤਵ ਲਈ ਜਾ ਸਕਣਗੇ। ਸਿਆਸੀ ਪਾਰਟੀਆਂ ਦੇ ਆਗੂਆਂ ਨੂੰ ਖ਼ੁਸ਼ੀ ਅਤੇ ਗ਼ਮੀ ਦੇ ਪ੍ਰੋਗਰਾਮ ਵਿੱਚ ਸਾਧਾਰਨ ਸ਼ਮੂਲੀਅਤ ਕਰਨ ਦੀ ਛੋਟ ਦਿੱਤੀ ਗਈ ਹੈ ਪ੍ਰੰਤੂ ਸਿਆਸੀ ਆਗੂਆਂ ’ਤੇ ਇਕੱਠ ਕਰਨ ਅਤੇ ਮਾਈਕ ’ਚ ਬੋਲਣ ’ਤੇ ਪਾਬੰਦੀ ਰਹੇਗੀ।
ਇਸ ਮੌਕੇ ਕਾਂਗਰਸ ਪਾਰਟੀ ਦੇ ਕਿਸਾਨ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਅਵਤਾਰ ਸਿੰਘ ਸ਼ੇਰੋਂ, ਸਰਪੰਚ ਪਰਗਟ ਸਿੰਘ, ਅਕਾਲੀ ਦਲ ਸੰਯੁਕਤ ਵੱਲੋਂ ਡਾ. ਰੂਪ ਸਿੰਘ ਸ਼ੇਰੋਂ, ਆਮ ਆਦਮੀ ਪਾਰਟੀ ਵੱਲੋਂ ਸਤਿਗੁਰ ਸਿੰਘ, ਸ਼੍ਰੋ.ਅ.ਦ. (ਬਾ) ਦੇ ਸਥਾਨਕ ਆਗੂਆਂ ਅਤੇ ਪਿੰਡ ਵਾਸੀਆਂ ਵੱਲੋਂ ਇਸ ਮਤੇ ਨੂੰ ਹੱਥ ਖੜੇ ਕਰ ਕੇ ਪ੍ਰਵਾਨਗੀ ਦਿੱਤੀ ਗਈ। ਇਸ ਮੌਕੇ ਬਲਵਿੰਦਰ ਸਿੰਘ, ਮੱਖਣ ਸਿੰਘ, ਮੇਵਾ ਸਿੰਘ, ਲਵਪ੍ਰੀਤ ਸਿੰਘ, ਕੁਲਵੀਰ ਸਿੰਘ, ਸੁਰਜੀਤ ਸਿੰਘ, ਸਰਪੰਚ ਗੁਰਦਿਆਲ ਸਿੰਘ, ਅਮਰੀਕ ਸਿੰਘ ਘੀਲਾ, ਹਰਦਮ ਸਿੰਘ, ਸੁਖਪਾਲ ਕੌਰ, ਰਣਵੀਰ ਕੌਰ ਅਤੇ ਕਿਸਾਨ ਬੀਬੀਆਂ ਹਾਜ਼ਰ ਸਨ।
ਮਸਤੂਆਣਾ ਸਾਹਿਬ (ਐੱਸਐੱਸ ਸੱਤੀ): ਪਿੰਡ ਬਹਾਦਰਪੁਰ ਦੇ ਕਿਸਾਨਾਂ ਵੱਲੋਂ ਪਿੰਡ ਦੀਆਂ ਸਾਰੀਆਂ ਫਿਰਨੀਆਂ ਉੱਪਰ ਫਲੈਕਸ ਲਗਾਏ ਗਏ ਜਿਸ ਵਿੱਚ ਲਿਖਿਆ ਗਿਆ ਹੈ ਕਿ ਜਿੰਨਾ ਸਮਾਂ ਕਾਲੇ ਕਾਨੂੰਨ ਰੱਦ ਨਹੀਂ ਹੋਣਗੇ, ਉਦੋਂ ਤੱਕ ਪਿੰਡ ਬਹਾਦਰਪੁਰ ਵਿੱਚ ਕੋਈ ਵੀ ਰਾਜਨੀਤਕ ਆਗੂ ਨੂੰ ਵੜਨ ਨਹੀਂ ਦਿੱਤਾ ਜਾਵੇਗਾ। ਜੇਕਰ ਕੋਈ ਲੀਡਰ ਪਿੰਡ ਵਿੱਚ ਆਉਂਦਾ ਹੈ, ਤਾਂ ਉਸ ਦਾ ਪਿੰਡ ਵਾਲਿਆਂ ਵੱਲੋਂ ਡਟ ਕੇ ਵਿਰੋਧ ਕੀਤਾ ਜਾਵੇਗਾ। ਬੇਸ਼ੱਕ ਉਹ ਲੀਡਰ ਕਿਸੇ ਦੇ ਘਰ ਦੇ ਵਿੱਚ ਖੁਸ਼ੀ ਜਾਂ ਗ਼ਮੀ ਵਿਚ ਹੀ ਆਉਂਦਾ ਹੋਵੇ। ਇਸ ਮੌਕੇ ਯੂਥ ਵਿੰਗ ਕਿਰਤੀ ਕਿਸਾਨ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਜਸਦੀਪ ਸਿੰਘ ਬਹਾਦਰਪੁਰ, ਬੱਗਾ ਸਿੰਘ, ਵਰਿੰਦਰ ਸਿੰਘ ਖਹਿਰਾ, ਕਮਲ ਸਿੰਘ ਖਜਾਨਚੀ, ਇਕਾਈ ਪ੍ਰਧਾਨ ਚਮਕੌਰ ਸਿੰਘ, ਜਗਸੀਰ ਸਿੰਘ, ਗੁਰਮਿਹਕ ਸਿੰਘ, ਨਿਰਮਲ ਸਿੰਘ, ਬੂਟਾ ਸਿੰਘ ਹੋਰ ਸਾਰੇ ਪਿੰਡ ਵਾਲਿਆਂ ਦੇ ਸਹਿਯੋਗ ਦੇ ਨਾਲ ਪੋਸਟਰ ਲਾਏ ਗਏ।
ਇਸੇ ਦੌਰਾਨ ਪਿੰਡ ਕਿਲਾ ਭਰੀਆਂ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵੱਲੋਂ ਕਿਸਾਨਾਂ-ਮਜ਼ਦੂਰਾਂ ਨਾਲ ਮੀਟਿੰਗ ਕੀਤੀ। ਇਸ ਮੌਕੇ ਇਕਾਈ ਮੀਤ ਪ੍ਰਧਾਨ ਸਤਨਾਮ ਸਿੰਘ, ਸਹਾਇਕ ਖ਼ਜ਼ਾਨਚੀ ਜਸਬੀਰ ਸਿੰਘ ਨੇ ਕਿਹਾ ਕਿ ਜੇਕਰ ਕਿਸਾਨਾਂ ਦੇ ਮਸਲੇ ਦਾ ਹੱਲ ਨਾ ਹੋਇਆ ਤਾਂ ਪਿੰਡਾਂ ਵਿੱਚ ਵੋਟਾਂ ਲਈ ਆਉਣ ਵਾਲੇ ਸਿਆਸੀ ਲੀਡਰਾਂ ਦਾ ਵਿਰੋਧ ਕੀਤਾ ਜਾਵੇਗਾ। ਉਨ੍ਹਾਂ ਸਮੂਹ ਲੋਕਾਂ ਨੂੰ ਆਪਣੇ ਏਕੇ ਨੂੰ ਮਜ਼ਬੂਤ ਬਣਾ ਕੇ ਕਿਸਾਨੀ ਸੰਘਰਸ਼ ਦਾ ਹਿੱਸਾ ਬਣਨ ਦੀ ਅਪੀਲ ਕੀਤੀ।