ਮੇਜਰ ਸਿੰਘ ਮੱਟਰਾਂ
ਭਵਾਨੀਗੜ੍ਹ, 11 ਨਵੰਬਰ
ਹਲਕੇ ਦੇ ਖੇਡ ਸਟੇਡੀਅਮਾਂ ’ਚ ਅੱਵਲ ਦਰਜੇ ਦੀਆਂ ਸਹੂਲਤਾਂ ਮੁਹੱਈਆ ਕਰਵਾਉਣ ਦੇ ਨਾਲ-ਨਾਲ ਬਿਜਲੀ ਦੇ ਬਿੱਲਾਂ ਦਾ ਖਰਚਾ ਘਟਾਉਣ ਲਈ ਸਟੇਡੀਅਮਾਂ ’ਚ ਸੂਰਜੀ ਊਰਜਾ ਨਾਲ ਬਿਜਲੀ ਉਤਪਾਦਨ ਲਈ ਸੋਲਰ ਪਲਾਂਟ ਲਗਵਾਏ ਜਾਣਗੇ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਕੂਲ ਸਿੱਖਿਆ ਤੇ ਲੋਕ ਨਿਰਮਾਣ ਮੰਤਰੀ ਵਿਜੈਇੰਦਰ ਸਿੰਗਲਾ ਨੇ ਇਲਾਕੇ ਦੇ ਖੇਡ ਸਟੇਡੀਅਮਾਂ ਦਾ ਦੌਰਾ ਕਰਨ ਮੌਕੇ ਕੀਤਾ। ਕੈਬਨਿਟ ਮੰਤਰੀ ਸ੍ਰੀ ਸਿੰਗਲਾ ਨੇ ਨੇੜਲੇ ਪਿੰਡ ਰਾਜਪੁਰਾ ਵਿੱਚ ਬੋਲਦਿਆਂ ਕਿਹਾ ਕਿ ਸੰਗਰੂਰ ਸ਼ਹਿਰ ਵਿੱਚ ਵਿਸ਼ਵ ਪੱਧਰੀ ਸਟੇਡੀਅਮ ਤਿਆਰ ਕਰਵਾਉਣ ਦੇ ਨਾਲ-ਨਾਲ ਪਿੰਡਾਂ ਵਿੱਚ ਵੀ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਲਈ ਮਿਆਰੀ ਸਹੂਲਤਾਂ ਵਾਲੇ ਸਟੇਡੀਅਮ ਤੇ ਖੇਡ ਮੈਦਾਨ ਤਿਆਰ ਕਰਵਾਏ ਜਾ ਰਹੇ ਹਨ। ਆਪਣੇ ਦੌਰੇ ਦੌਰਾਨ ਸ੍ਰੀ ਸਿੰਗਲਾ ਨੇ ਪਿੰਡ ਰਾਜਪੁਰਾ ਵਿੱਚ ਲੋੜਵੰਦ ਬਜ਼ੁਰਗਾਂ ਨੂੰ ਰਿਆਇਤੀ ਬੱਸ ਪਾਸ ਵੀ ਵੰਡੇ। ਉਨ੍ਹਾਂ ਦੱਸਿਆ ਕਿ ਸ਼ਹਿਰੀ ਖੇਤਰਾਂ ਦੇ ਨਾਲ-ਨਾਲ ਹਲਕੇ ਦੇ ਪਿੰਡਾਂ ’ਚ ਵੀ ਮਿਆਰੀ ਸਹੂਲਤਾਂ ਮੁਹੱਈਆ ਕਰਵਾਉਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਕੋਵਿਡ-19 ਦੀ ਮਹਾਂਮਾਰੀ ਦੌਰਾਨ ਵੀ ਵਿਕਾਸ ਕਾਰਜਾਂ ਦੀ ਕਾਰਵਾਈ ਜਾਰੀ ਰਹਿਣਾ ਇਸਦਾ ਪ੍ਰਤੱਖ ਪ੍ਰਮਾਣ ਹੈ। ਉਨ੍ਹਾਂ ਕਿਹਾ ਕਿ ਬੁਨਿਆਦੀ ਸਹੂਲਤਾਂ ਦੇ ਨਾਲ-ਨਾਲ ਨੌਜਵਾਨਾਂ ਨੂੰ ਚੰਗੇ ਪਾਸੇ ਜੋੜਨ ਲਈ ਹਰ ਪਿੰਡ ਵਿਚ ਖੇਡ ਮੈਦਾਨ ਤਿਆਰ ਕਰਵਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਪਿੰਡਾਂ ’ਚ ਛੱਪੜਾਂ ਨੂੰ ਸਾਫ਼ ਕਰਵਾ ਕੇ ਸੀਚੇਵਾਲ ਮਾਡਲ ਜ਼ਰੀਏ ਨਵੇਂ ਸਿਰਿਉ ਤਿਆਰ ਕਰਵਾਇਆ ਜਾ ਰਿਹਾ ਹੈ ਤੇ ਛੱਪੜਾਂ ਦਾ ਆਲਾ-ਦੁਆਲਾ ਪੱਕਾ ਕਰਵਾ ਕੇ ਲੋਕਾਂ ਦੇ ਸੈਰ ਕਰਨ ਲਈ ਟਰੈਕ ਵੀ ਬਣਵਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਛੱਪੜਾਂ ਦੇ ਨਵੀਨੀਕਰਨ ਨਾਲ ਜਿੱਥੇ ਗੰਦੇ ਪਾਣੀ ਨਾਲ ਪੈਦਾ ਹੋਣ ਵਾਲੀਆਂ ਪ੍ਰੇਸ਼ਾਨੀਆਂ ਤੋਂ ਨਿਜ਼ਾਤ ਮਿਲੀ ਹੈ, ਉੱਥੇ ਹੀ ਸਾਫ਼ ਸੁਥਰਾ ਮਾਹੌਲ ਸਿਰਜਣ ਵਿੱਚ ਮੱਦਦ ਮਿਲੀ ਹੈ। ਉਨ੍ਹਾਂ ਕਿਹਾ ਕਿ ਆਪਣੇ ਪੰਜ ਸਾਲ ਦੇ ਕਾਰਜਕਾਲ ਦੌਰਾਨ ਉਹ ਹਲਕੇ ਦੇ ਹਰ ਪਿੰਡ ਦਾ ਸਰਵਪੱਖੀ ਵਿਕਾਸ ਕਰਵਾਉਣ ਲਈ ਵਚਨਬੱਧ ਹਨ ਤੇ ਇਸ ਲਈ ਨਿਰੰਤਰ ਕੋਸ਼ਿਸ਼ਾਂ ਕਰ ਰਹੇ ਹਨ।
ਇਸ ਮੌਕੇ ਡਿਪਟੀ ਕਮਿਸ਼ਨਰ ਰਾਮਵੀਰ, ਰਣਜੀਤ ਸਿੰਘ ਤੂਰ, ਕਪਿਲ ਦੇਵ ਗਰਗ, ਪ੍ਰਦੀਪ ਕੁਮਾਰ ਕੱਦ, ਵਰਿੰਦਰ ਪੰਨਵਾਂ ਤੇ ਖੇਡ ਵਿਭਾਗ ਤੇ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਸਮੇਤ ਪਾਰਟੀ ਵਰਕਰ ਵੀ ਹਾਜ਼ਰ ਸਨ।
ਅਦਾਲਤੀ ਕੰਪਲੈਕਸ ’ਚ ਸੋਲਰ ਪਲਾਂਟ ਸਣੇ ਨਵੇਂ ਕੌਰੀਡੋਰ ਦੇ ਕੰਮ ਦੀ ਸ਼ੁਰੂਆਤ
ਸੰਗਰੂਰ (ਗੁਰਦੀਪ ਸਿੰਘ ਲਾਲੀ) ਸਕੂਲ ਸਿੱਖਿਆ ਤੇ ਲੋਕ ਨਿਰਮਾਣ ਮੰਤਰੀ ਵਿਜੈਇੰਦਰ ਸਿੰਗਲਾ ਨੇ ਇਥੇ ਅਦਾਲਤੀ ਕੰਪਲੈਕਸ ਚ 15 ਕਿੱਲੋਵਾਟ ਦੇ ਸੂਰਜੀ ਊਰਜਾ ’ਤੇ ਆਧਾਰਤ ਬਿਜਲੀ ਉਤਪਾਦਨ ਪਲਾਂਟ ਤੇ ਨਵੇਂ ਬਣਨ ਵਾਲੇ ਕੌਰੀਡੋਰ ਦੇ ਕੰਮ ਦੀ ਸ਼ੁਰੂਆਤ ਕਰਵਾਈ। ਇਸ ਮੌਕੇ ਸ੍ਰੀ ਸਿੰਗਲਾ ਨੇ ਬਾਰ ਐਸੋਸੀਏਸ਼ਨ ਦੇ ਨਵੇਂ ਚੁਣੇ ਗਏ ਪ੍ਰਧਾਨ ਗਗਨਦੀਪ ਸਿੰਘ ਸਬਿੀਆ, ਉਪ ਪ੍ਰਧਾਨ ਸੌਰਵ ਗਰਗ, ਸਕੱਤਰ ਬਲਜੀਤ ਸਿੰਘ ਕੜਵਲ, ਜੁਆਇੰਟ ਸਕੱਤਰ ਤਰਸੇਮ ਜਿੰਦਲ ਤੇ ਖਜ਼ਾਨਚੀ ਦਵਿੰਦਰ ਸਿੰਘ ਤੂਰ ਨਾਲ ਬਾਰ ਰੂਮ ’ਚ ਮੁਲਾਕਾਤ ਕਰ ਉਨ੍ਹਾਂ ਨੂੰ ਵਧਾਈ ਦਿੱਤੀ। 15 ਕਿੱਲੋਵਾਟ ਦੇ ਸੋਲਰ ਪਲਾਂਟ ਲਈ ਵਕੀਲ ਅਮਰਜੀਤ ਮੜਕਨ ਵੱਲੋਂ ਵਿੱਤੀ ਸਹਾਇਤਾ ਦਿੱਤੀ ਗਈ ਸੀ। ਇਸ ਮੌਕੇ ਸ੍ਰੀ ਸਿੰਗਲਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਸਰਵਪੱਖੀ ਵਿਕਾਸ ਲਈ ਕੋਵਿਡ-19 ਦੀ ਮਹਾਂਮਾਰੀ ਦੇ ਬਾਵਜੂਦ ਲੋੜੀਂਦੇ ਕੰਮ ਪਹਿਲ ਦੇ ਆਧਾਰ ’ਤੇ ਕੀਤੇ ਜਾ ਰਹੇ ਹਨ। ਸੰਗਰੂਰ ਹਲਕੇ ’ਚ ਵੀ ਵਿਕਾਸ ਕਾਰਜ ਕਰਵਾਉਣ ਤੇ ਭਲਾਈ ਸਕੀਮਾਂ ਦਾ ਲਾਭ ਲੋੜਵੰਦਾਂ ਤੱਕ ਪੁੱਜਦਾ ਕਰਨ ਲਈ ਸਾਰੀ ਕਾਰਵਾਈ ਉਹ ਨਿੱਜੀ ਨਿਗਰਾਨੀ ਹੇਠ ਕਰਵਾਉਂਦੇ ਹਨ।