ਰਮੇਸ਼ ਭਾਰਦਵਾਜ
ਲਹਿਰਾਗਾਗਾ, 2 ਸਤੰਬਰ
ਅਨਾਜ ਮੰਡੀ ਲਹਿਰਾਗਾਗਾ ਵਿੱਚ ਨਰਮੇ ਦੀ ਆਮਦ ਸ਼ੁਰੂ ਹੋ ਗਈ ਹੈ। ਪਿੰਡ ਦਾ ਕਿਸਾਨ ਰੋਹੀ ਸਿੰਘ ਕੋਟੜਾ ਲੇਹਲ ਆਪਣਾ ਪਹਿਲੀ ਚੁਗਾਈ ਦਾ ਇੱਕ ਕੁਇੰਟਲ ਲਗਪਗ ਨਰਮਾ ਲੈ ਕੇ ਵਿਸਾਖੀ ਰਾਮ ਜ਼ਿਲ੍ਹਾ ਰਾਮ ਨਾਮੀ ਕਮਿਸ਼ਨ ਏਜੰਟ ਦੀ ਦੁਕਾਨ ’ਤੇ ਪਹੁੰਚਿਆ। ਨਰਮੇ ਦੀ ਪਹੁੰਚੀ ਇਸ ਸ਼ੀਜਨ ਦੀ ਪਹਿਲੀ ਫਸਲ ਨੂੰ ਪ੍ਰਾਈਵੇਟ ਵਪਾਰੀਆਂ ਵੱਲੋਂ ਬੋਲੀ ਦਿੰਦੇ ਹੋਏ ਕਮਿਸ਼ਨ ਏਜੰਟ ਵੱਲੋਂ 9000 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਬੋਲੀ ਲਾਈ ਗਈ ਪਰ ਕਿਸਾਨ ਨੇ ਵੇਚਣ ਤੋਂ ਇਨਕਾਰ ਕਰ ਦਿੱਤਾ। ਇਸ ਮੌਕੇ ਆੜ੍ਹਤੀ ਯੂਨੀਅਨ ਦੇ ਪ੍ਰਧਾਨ ਜੀਵਨ ਕੁਮਾਰ ਰੱਬੜ , ਉਪ ਚੇਅਰਮੈਨ ਜੀਵਨ ਲਾਲ ਸੇਖੂਵਾਸ, ਗਗਨਦੀਪ ਲੱਕੀ, ਧਰਮਪਾਲ , ਅੰਮ੍ਰਿਤਪਾਲ ਵਿੱਕੀ ਹਰਿਅਓ, ਆੜ੍ਹਤੀ ਯੂਨੀਅਨ ਦੇ ਪ੍ਰਧਾਨ ਇੰਦਰਜੀਤ ਸਿੰਘ ਬੇਦੀ ਨੇ ਦੱਸਿਆ ਕਿ ਬੇਸ਼ੱਕ ਪਿਛਲੇ ਸਾਲ ਨਰਮੇ ਦੀ ਫਸਲ ’ਤੇ ਹੋਏ ਗੁਲਾਬੀ ਸੁੰਡੀ ਤੇ ਚਿੱਟੇ ਮੱਛਰ ਦੇ ਹਮਲੇ ਕਾਰਨ ਬਹੁਤੇ ਕਿਸਾਨਾਂ ਨੇ ਨਰਮੇ ਦੀ ਫਸਲ ਖਰਾਬ ਹੋ ਗਈ ਸੀ ਪਰ ਇਸ ਵਾਰ ਨਰਮੇ ਦੀ ਬਿਜਾਈ ਘੱਟ ਹੋਣ ਦੇ ਬਾਵਜੂਦ ਫਸਲ ਭਰਪੂਰ ਹੈ। ਇਸ ਕਰਕੇ ਨਰਮੇ ਦੀਆਂ ਕੀਮਤਾਂ ਵਿੱਚ ਹੋਰ ਵੀ ਵਾਧਾ ਹੋਣ ਦੀ ਸੰਭਾਵਨਾ ਹੈ। ਮਾਰਕੀਟ ਕਮੇਟੀ ਦੇ ਸੀਨੀਅਰ ਲੇਖਾਕਾਰ ਰਣਧੀਰ ਸਿੰਘ ਖਾਲਸਾ ਅਨੁਸਾਰ ਸਾਉਣੀ ਦੀ ਫਸਲ ਦੇ ਖਰੀਦ ਦੇ ਪੂਰੇ ਪ੍ਰਬੰਧ ਕੀਤੇ ਗਏ ਹਨ। ਖੇਤੀ ਜ਼ਿਲ੍ਹਾ ਸਲਾਹਕਾਰ ਡਾ. ਬੀਆਰ ਰੋਮਾਣਾ ਨੇ ਦੱਸਿਆ ਕਿ ਇਲਾਕੇ ’ਚ 1314 ਹੈਕਟੇਅਰ ਨਰਮਾ ਕਾਸ਼ਤ ਕੀਤਾ ਹੈ ਅਤੇ ਮੌਸਮ ਠੀਕ ਰਹਿਣ ਕਰਕੇ ਝਾੜ 23.5 ਨਿਕਲਣ ਦੀ ਉਮੀਦ ਹੈ।
ਨਰਮੇ ਦੀ ਘੱਟ ਆਮਦ ਕਾਰਨ ਸੋਮਵਾਰ ਨੂੰ ਕਰਵਾਈ ਜਾਵੇਗੀ ਬੋਲੀ: ਬੇਦੀ
ਆੜ੍ਹਤੀ ਯੂਨੀਅਨ ਦੇ ਪ੍ਰਧਾਨ ਇੰਦਰਜੀਤ ਸਿੰਘ ਬੇਦੀ ਅਤੇ ਮੁਨੀਮ ਯੂਨੀਅਨ ਦੇ ਪ੍ਰਧਾਨ ਵਿੱਕੀ ਹਰਿਆਓ ਨੇ ਦੱਸਿਆ ਕਿ ਨਰਮੇ ਦੀ ਘੱਟ ਆਮਦ ਹੋਣ ਕਰਕੇ ਬੋਲੀ ਸਰਾਧਾਂ ਤੋਂ ਪਹਿਲਾਂ ਸੋਮਵਾਰ ਨੂੰ ਕਰਵਾ ਲਈ ਜਾਵੇਗੀ। ਉਨ੍ਹਾਂ ਕਿਹਾ ਕਿ ਕਾਟਨ ਮਿਲ ਦੀ ਲੇਬਰ ਘੱਟ ਨਰਮੇ ਨੂੰ ਚੁੱਕਣ ਚੁਕਾਈ ਵਿੱਚ ਘਰ ਨਾ ਪੂਰਾ ਨਾ ਹੋਣ ਕਰਕੇ ਹਾਲ ਦੀ ਘੜੀ ਜਵਾਬ ਦੇ ਗਈ ਹੈ।