ਗੁਰਦੀਪ ਸਿੰਘ ਲਾਲੀ
ਸੰਗਰੂਰ, 3 ਅਗਸਤ
ਸ਼ਹਿਰ ਵਿੱਚ ਲਾਵਾਰਿਸ ਪਸ਼ੂਆਂ ਦੀ ਗੰਭੀਰ ਹੋ ਰਹੀ ਸਮੱਸਿਆ ਦਾ ਮਾਮਲਾ ਭਖਦਾ ਜਾ ਰਿਹਾ ਹੈ। ਜਿੱਥੇ ਬਲਾਕ ਕਾਂਗਰਸ ਕਮੇਟੀ ਅਤੇ ਤਰਕਸ਼ੀਲ ਸੁਸਾਇਟੀ ਤੇ ਹੋਰ ਜਥੇਬੰਦੀਆਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਮੰਗ ਪੱਤਰ ਸੌਂਪ ਕੇ ਇਨ੍ਹਾਂ ਪਸ਼ੂਆਂ ਦੀ ਸਮੱਸਿਆ ਦੂਰ ਕਰਨ ਦੀ ਮੰਗ ਕਰ ਚੁੱਕੀਆਂ ਹਨ, ਉੱਥੇ ਅੱਜ ਸਮਾਜ ਸੇਵੀ ਅਵਤਾਰ ਸਿੰਘ ਤਾਰਾ ਸ਼ਹਿਰ ਦੇ ਵੱਡੇ ਚੌਕ ਵਿੱਚ ਰੋਸ ਜਤਾਉਣ ਲਈ ਪੰਜ ਘੰਟੇ ਰੋਸ ਧਰਨੇ ’ਤੇ ਬੈਠੇ। ਉਨ੍ਹਾਂ ਨਾਲ ਸਮਾਜ ਸੇਵੀ ਬਲਵੰਤ ਸਿੰਘ ਜੋਗਾ ਵੀ ਮੌਜੂਦ ਸਨ। ਸਮਾਜ ਸੇਵੀਆਂ ਵੱਲੋਂ ਰੋਸ ਧਰਨੇ ਦੌਰਾਨ ‘ਸਰਕਾਰ ਅਵਾਰਾ ਪਸ਼ੂਆਂ ਦਾ ਪ੍ਰਬੰਧ ਕਰੇ, ਨਹੀਂ ਪਬਲਿਕ ਤੋਂ ਗਊ ਸੈੱਸ ਲੈਣਾ ਬੰਦ ਕਰੇ’ ਦਾ ਬੈਨਰ ਲਾਇਆ ਹੋਇਆ ਸੀ ਜਿਸ ਉਪਰ ਵੇਰਵੇ ਸਹਿਤ ਲਿਖਿਆ ਗਿਆ ਸੀ ਕਿ ਕਿੱਥੋਂ-ਕਿੱਥੋਂ ਸਰਕਾਰ ਅਵਾਰਾ ਪਸ਼ੁੂਆਂ ਦੀ ਸੰਭਾਲ ਕਿੰਨਾ-ਕਿੰਨਾ ਟੈਕਸ ਵਸੂਲ ਰਹੀ ਹੈ। ਇਸ ਮੌਕੇ ਸਮਾਜ ਸੇਵੀ ਅਵਤਾਰ ਸਿੰਘ ਤਾਰਾ ਨੇ ਕਿਹਾ ਕਿ ਪੰਜਾਬ ਵਿੱਚ ਲਾਵਾਰਿਸ ਪਸ਼ੂ ਸੜਕਾਂ ਉਪਰ ਸ਼ਰ੍ਹੇਆਮ ਘੁੰਮ ਰਹੇ ਹਨ ਜਿਨ੍ਹਾਂ ਕਾਰਨ ਨਿੱਤ ਦਿਨ ਹਾਦਸੇ ਵਾਪਰ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਲੋਕਾਂ ਤੋਂ ਗਊ ਸੈੱਸ ਵਸੂਲਿਆ ਜਾ ਰਿਹਾ ਹੈ ਪਰ ਇਸਦੇ ਬਾਵਜੂਦ ਇਨ੍ਹਾਂ ਪਸ਼ੂਆਂ ਦੀ ਸੰਭਾਲ ਲਈ ਕੋਈ ਠੋਸ ਪ੍ਰਬੰਧ ਨਹੀਂ ਕੀਤੇ ਜਾਂਦੇ। ਉਨ੍ਹਾਂ ਦੋਸ਼ ਲਾਇਆ ਕਿ ਜ਼ਿਲ੍ਹਾ ਪ੍ਰਸ਼ਾਸਨ ਅਤੇ ਨਗਰ ਕੌਂਸਲ ਵੱਲੋਂ ਸਮੱਸਿਆ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਸਰਕਾਰ ਗਊ ਸੈੱਸ ਦੇ ਨਾਮ ’ਤੇ ਪੈਸੇ ਵਸੂਲ ਰਹੀ ਹੈ ਪਰ ਸਮੱਸਿਆ ਵੱਲ ਕੋਈ ਧਿਆਨ ਨਹੀਂ ਹੈ। ਉਨ੍ਹਾਂ ਮੁੱਖ ਮੰਤਰੀ ਪੰਜਾਬ ਦੇ ਨਾਂ ਪੱਤਰ ਭੇਜਦਿਆਂ ਮੰਗ ਕੀਤੀ ਕਿ ਲਾਵਾਰਿਸ ਪਸ਼ੂਆਂ ਦਾ ਤੁਰੰਤ ਕੋਈ ਪ੍ਰਬੰਧ ਕੀਤਾ ਜਾਵੇ ਤਾਂ ਜੋ ਕੋਈ ਅਣਸੁਖਾਵੀਂ ਘਟਨਾ ਵਿੱਚ ਆਮ ਨਾਗਰਿਕ ਜਾਂ ਸ਼ਹਿਰ ਵਾਸੀ ਦਾ ਕੋਈ ਜਾਨੀ ਨੁਕਸਾਨ ਨਾ ਹੋਵੇ।