ਸੰਗਰੂਰ (ਨਿੱਜੀ ਪੱਤਰ ਪ੍ਰੇਰਕ): ਸਾਇੰਟਿਫਿਕ ਅਵੇਅਰਨੈੱਸ ਐਂਡ ਸੋਸ਼ਲ ਵੈੱਲਫੇਅਰ ਫੋਰਮ ਨੇ ਯੂਕਰੇਨ ਉਪਰ ਰੂਸ ਵੱਲੋਂ ਕੀਤੇ ਫੌਜੀ ਹਮਲੇ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ ਹੈ। ਫੋਰਮ ਦੇ ਪ੍ਰਧਾਨ ਡਾ. ਅਮਰਜੀਤ ਸਿੰਘ ਮਾਨ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਬਲਦੇਵ ਸਿੰਘ ਗੋਸਲ, ਪ੍ਰੋ. ਸੰਤੋਖ ਕੌਰ, ਅਮਰੀਕ ਸਿੰਘ ਗਾਗਾ, ਬਿੱਕਰ ਸਿੰਘ ਸੇਖੂਵਾਸ ਨੇ ਕਿਹਾ ਕਿ ਯੂਕਰੇਨ ਉਪਰ ਰੂਸੀ ਹਮਲੇ ਦੀ ਅਸੀਂ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦੇ ਹਾਂ। ਉਨ੍ਹਾਂ ਕਿਹਾ ਕਿ ਕਿਸੇ ਸਮੇਂ ਰੂਸ ਦੇ ਆਗੂ ਅਮਰੀਕਨ ਲੌਬੀ ’ਤੇ ਇਲਜ਼ਾਮ ਲਾਉਂਦੇ ਸੀ ਕਿ ਜੰਗ ਕਿਸੇ ਮਸਲੇ ਦਾ ਹੱਲ ਨਹੀਂ ਤੇ ਅੱਜ ਖੁਦ ਹੀ ਆਪਣੇ ਦੇਸ਼ ਨੂੰ ਤੇ ਯੂਕਰੇਨ ਨੂੰ ਜੰਗ ਲਾ ਕੇ ਤਬਾਹੀ ਦੇ ਕੰਢੇ ਪਹੁੰਚਾਇਆ ਜਾ ਰਿਹਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਰੂਸ ਆਪਣੀ ਫੋਕੀ ਧੌਂਸ ਲਈ ਦੁਨੀਆਂ ਦੀ ਇੱਕ ਨੰਬਰ ਸ਼ਕਤੀ ਬਣਨ ਖਾਤਰ ਮਨੁੱਖਤਾ ਦਾ ਘਾਣ ਕਰ ਰਿਹਾ ਹੈ। ਉਨ੍ਹਾਂ ਮੰਗ ਕੀਤੀ ਕਿ ਯੁੱਧ ਤੁਰੰਤ ਬੰਦ ਕਰਕੇ ਯੂਕਰੇਨ ਨੂੰ ਆਜ਼ਾਦੀ ਮਾਨਣ ਦਾ ਹੱਕ ਦੇਣਾ ਚਾਹੀਦਾ ਹੈ। ਉਨ੍ਹਾਂ ਐੱਮਬੀਬੀਐੱਸ ਕਰਨ ਲਈ ਯੂਕਰੇਨ ਗਏ ਦੇਸ਼ ਦੇ ਹਜ਼ਾਰਾਂ ਬੱਚਿਆਂ ਨੂੰ ਕੇਂਦਰ ਸਰਕਾਰ ਕੋਲੋਂ ਤੁਰੰਤ ਸੁਰੱਖਿਅਤ ਵਾਪਸ ਲਿਆਉਣ ਦੀ ਮੰਗ ਕੀਤੀ। ਮੀਟਿੰਗ ’ਚ ਪ੍ਰਹਿਲਾਦ ਸਿੰਘ, ਗੁਰਹਾਕਮ ਸਿੰਘ, ਰਾਜਿੰਦਰ ਕੌਰ ਮਾਨ, ਰਜਨੀ ਗੋਇਲ, ਸ਼ਾਮ ਲਾਲ ਸਿੰਗਲਾ ਸ਼ਾਮਲ ਹੋਏ।