ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 2 ਮਈ
ਜ਼ਿਲ੍ਹੇ ਦੀਆਂ ਮੰਡੀਆਂ ਵਿੱਚ ਕਣਕ ਦੀ ਚਲ ਰਹੀ ਖਰੀਦ ਪ੍ਰਕਿਰਿਆ ਦੌਰਾਨ 1 ਮਈ ਤੱਕ 10 ਲੱਖ 73 ਹਜ਼ਾਰ 86 ਮੀਟਰਿਕ ਟਨ ਕਣਕ ਦੀ ਆਮਦ ਹੋਈ ਹੈ, ਜਿਸ ਤਹਿਤ 10 ਲੱਖ 71 ਹਜ਼ਾਰ 194 ਮੀਟਰਕ ਟਨ ਕਣਕ ਵੱਖ-ਵੱਖ ਏਜੰਸੀਆਂ ਵੱਲੋਂ ਖਰੀਦੀ ਜਾ ਚੁੱਕੀ ਹੈ। ਇਹ ਜਾਣਕਾਰੀ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਰਾਮਵੀਰ ਨੇ ਦਿੱਤੀ।
ਉਨ੍ਹਾਂ ਦੱਸਿਆ ਕਿ ਕਿ ਪਨਗਰੇਨ ਵੱਲੋਂ 4 ਲੱਖ 56 ਹਜ਼ਾਰ 447 ਮੀਟਰਿਕ ਟਨ, ਮਾਰਕਫੈੱਡ ਵੱਲੋਂ 2 ਲੱਖ 41 ਹਜ਼ਾਰ 523 ਮੀਟਰਕ ਟਨ, ਪਨਸਪ ਵੱਲੋਂ 2 ਲੱਖ 34 ਹਜ਼ਾਰ 915 ਮੀਟਰਕ ਟਨ ਪੰਜਾਬ ਸਟੇਟ ਵੇਅਰਹਾਊਸ ਕਾਰਪੋਰੇਸ਼ਨ ਵੱਲੋਂ 1 ਲੱਖ 24 ਹਜ਼ਾਰ 838 ਮੀਟਰਿਕ ਟਨ ਅਤੇ ਐਫ.ਸੀ.ਆਈ ਵੱਲੋਂ 13 ਹਜ਼ਾਰ 35 ਮੀਟਰਿਕ ਟਨ ਕਣਕ ਦੀ ਖਰੀਦ ਕਰ ਲਈ ਗਈ ਹੈ। ਉਨ੍ਹਾਂ ਦੱਸਿਆ ਕਿ 7 ਲੱਖ 86 ਹਜ਼ਾਰ 790 ਮੀਟਰਿਕ ਟਨ ਕਣਕ ਦੀ ਲਿਫਟਿੰਗ ਹੋ ਚੁੱਕੀ ਹੈ ਅਤੇ 2000 ਕਰੋੜ 5 ਲੱਖ ਦੀ ਕਿਸਾਨਾਂ ਨੂੰ ਆਨਲਾਈਨ ਅਦਾਇਗੀ ਕੀਤੀ ਗਈ ਹੈ। ਸ੍ਰੀ ਰਾਮਵੀਰ ਨੇ ਦੱਸਿਆ ਕਿ ਸਮੁੱਚੀਆਂ ਮੰਡੀਆਂ ਅੰਦਰ ਖਰੀਦ ਸੀਜ਼ਨ ਦੌਰਾਨ ਕੋਵਿਡ ਮਹਾਂਮਾਰੀ ਦੇ ਬਚਾਅ ਲਈ ਸਾਵਧਾਨੀਆਂ ਦਾ ਪੂਰਾ ਖਿਆਲ ਰੱਖਿਆ ਜਾ ਰਿਹਾ ਹੈ।
ਪਟਿਆਲਾ ਜ਼ਿਲ੍ਹੇ ’ਚ 8.66 ਲੱਖ ਟਨ ਕਣਕ ਖ਼ਰੀਦੀ
ਪਟਿਆਲਾ (ਖੇਤਰੀ ਪ੍ਰਤੀਨਿਧ): ਪਟਿਆਲਾ ਜ਼ਿਲ੍ਹੇ ਦੀਆਂ ਮੰਡੀਆਂ ’ਚ ਐਤਵਾਰ ਸ਼ਾਮ ਤੱਕ 8.67 ਲੱਖ ਟਨ ਕਣਕ ਦੀ ਆਮਦ ਹੋਈ ਹੈ ਜਿਸ ਵਿਚੋਂ 8.66 ਲੱਖ ਟਨ ਦੀ ਖ਼ਰੀਦ ਕੀਤੀ ਗਈ। ਹੁਣ ਤੱਕ ਕਿਸਾਨਾਂ ਨੂੰ 1563.62 ਕਰੋੜ ਦੀ ਅਦਾਇਗੀ ਕੀਤੀ ਗਈ ਹੈ। ਇਹ ਦਾਅਵਾ ਡਿਪਟੀ ਕਮਿਸ਼ਨਰ ਕੁਮਾਰ ਅਮਿਤ ਨੇ ਕੀਤਾ। ਉਧਰ ਖਰੀਦ ਏਜੰਸੀਜ਼ ਇੰਸਪੈਕਟਰ ਯੂਨੀਅਨ ਦੇ ਪ੍ਰਧਾਨ ਤੇ ਪਨਗਰੇਨ ਦੇ ਇੰਸਪੈਕਟਰ ਮਨੂੰ ਮੋਦਗਿਲ ਦਾ ਕਹਿਣਾ ਸੀ ਕਿ ਹੁਣ ਤੱਕ ਖਰੀਦੀ ਕਣਕ ਵਿਚੋਂ ਉਨ੍ਹਾਂ ਦੀ ਹੀ ਖਰੀਦ ਏਜੰਸੀ ਪਨਗਰੇਨ ਨੇ ਸਭ ਤੋਂ ਵੱਧ, 216574 ਟਨ ਕਣਕ ਦੀ ਖਰੀਦ ਕੀਤੀ ਹੈ। ਪਨਸਪ ਦੇ ਸੀਨੀਅਰ ਵਾਈਸ ਚੇਅਰਮੈਨ ਨਰਿੰਦਰਪਾਲ ਲਾਲੀ ਦਾ ਤਰਕ ਸੀ ਕਿ ਉਨ੍ਹਾਂ ਦੇ ਅਧਿਕਾਰ ਖੇਤਰ ਵਾਲ਼ੀ ਖਰੀਦ ਏਜੰਸੀ ਪਨਸਪ ਨੇ 220166 ਟਨ ਕਣਕ ਖਰੀਦੀ ਹੈ। ਜਦਕਿ ਜ਼ਿਲ੍ਹਾ ਮੰਡੀ ਅਫਸਰ ਅਜੈਪਾਲ ਬਰਾੜ ਮੁਤਾਬਿਕ ਪਟਿਆਲਾ ਜਿਲ੍ਹੇ ਦੀਆਂ ਅਨਾਜ ਮੰਡੀਆਂ ਵਿਚੋਂ ਮਾਰਕਫੈਡ ਨੇ 223645 ਟਨ ਅਤੇ ਵੇਅਰਹਾਊਸ ਨੇ 145449 ਟਨ ਕਣਕ ਖਰੀਦੀ ਹੈ।