ਪੱਤਰ ਪ੍ਰੇਰਕ
ਅਮਰਗੜ੍ਹ, 27 ਅਪਰੈਲ
ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਸਰਕਾਰੀ ਕਾਲਜ ਵਿੱਚ ਕੇਂਦਰ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਜਸਪ੍ਰੀਤ ਕੌਰ ਜੱਸੂ ਨੇ ਦੋਸ਼ ਲਾਇਆ ਕਿ ਕੇਂਦਰ ਸਰਕਾਰ ਵੱਲੋਂ ਹਮੇਸ਼ਾ ਹੀ ਘੱਟ ਗਿਣਤੀਆਂ ਖਾਸ ਕਰਕੇ ਮੁਸਲਮਾਨਾਂ ਖਿਲਾਫ਼ ਫ਼ਿਰਕੂ ਨਫ਼ਰਤ ਫੈਲਾਈ ਜਾ ਰਹੀ ਹੈ। ਕੁਝ ਸ਼ਰਾਰਤੀ ਅਨਸਰ ਇਨ੍ਹਾਂ ਦੀਆਂ ਚਾਲਾਂ ਵਿੱਚ ਆ ਕੇ ਫ਼ਿਰਕੂ ਦੰਗੇ ਵੀ ਕਰਵਾਉਣ ਵਿੱਚ ਕਾਮਯਾਬ ਹੋ ਜਾਂਦੇ ਹਨ ਪਰ ਦੇਸ਼ ਦੇ ਸੂਝਵਾਨ ਲੋਕ ਇਨ੍ਹਾਂ ਦੀਆਂ ਚਾਲਾਂ ਨੂੰ ਸਮਝਦੇ ਹਨ। ਇਸ ਮੌਕੇ ਪ੍ਰਧਾਨ ਲਵਨੀਤ ਸਿਘ, ਸਮਨਪ੍ਰੀਤ ਕੌਰ, ਮਨਪ੍ਰੀਤ ਕੌਰ ਤੇ ਰਣਜੀਤ ਕੌਰ ਨੇ ਵੀ ਵਿਚਾਰ ਪੇਸ਼ ਕੀਤੇ।
ਮਾਲੇਰਕੋਟਲਾ (ਨਿੱਜੀ ਪੱਤਰ ਪ੍ਰੇਰਕ): ਪੰਜਾਬ ਸਟੂਡੈਂਟਸ ਯੂਨੀਅਨ ਦੀ ਸਰਕਾਰੀ ਕਾਲਜ ਦੀ ਇਕਾਈ ਨੇ ਕੁਝ ਫ਼ਿਰਕੂ ਧਿਰਾਂ ਵੱਲੋਂ ਦੇਸ਼ ਅੰਦਰ ਧਾਰਮਿਕ ਘੱਟ ਗਿਣਤੀਆਂ ਖ਼ਿਲਾਫ਼ ਯੋਜਨਾਬੱਧ ਢੰਗ ਨਾਲ ਫੈਲਾਈ ਜਾ ਰਹੀ ਨਫ਼ਰਤ, ਹਿੰਸਾ ਅਤੇ ਕੇਂਦਰ ਸਰਕਾਰ ਦੀਆਂ ਕੇਂਦਰੀਕਰਨ ਦੀਆਂ ਨੀਤੀਆਂ ਖ਼ਿਲਾਫ਼ ਮੁਜ਼ਾਹਰਾ ਕੀਤਾ। ਇਸ ਮੌਕੇ ਪੰਜਾਬ ਸਟੂਡੈਂਟਸ ਯੂਨੀਅਨ ਦੀ ਇਲਾਕਾ ਪ੍ਰਧਾਨ ਕਿਰਨਪਾਲ ਕੌਰ ਹਥੋਆ ਤੇ ਕਾਲਜ ਇਕਾਈ ਦੇ ਪ੍ਰਧਾਨ ਜਗਰੂਪ ਸਿੰਘ ਨੇ ਕਿਹਾ ਕਿ ਕੁਝ ਫ਼ਿਰਕੂ ਧਿਰਾਂ ਦੇਸ਼ ਅੰਦਰ ਫ਼ਿਰਕੂ ਮਾਹੌਲ ਪੈਦਾ ਕਰ ਰਹੀਆਂ ਹਨ। ਉਨ੍ਹਾਂ ਦੋਸ਼ ਲਾਇਆ ਕਿ ਕੇਂਦਰ ਸਰਕਾਰ ਵੱਲੋਂ ਸੂਬਿਆਂ ਦੇ ਅੰਦਰੂਨੀ ਮਾਮਲਿਆਂ ’ਚ ਦਖ਼ਲ ਦਿੱਤਾ ਜਾ ਰਿਹਾ ਹੈ। ਇਸ ਮੌਕੇ ਜਸਕਰਨ ਸਿੰਘ, ਹਰਪ੍ਰੀਤ ਸਿੰਘ, ਪ੍ਰੀਤ, ਸ਼ਰਨਜੀਤ ਕੌਰ ਤੇ ਇੰਦਰਜੀਤ ਕੌਰ ਹਾਜ਼ਰ ਸਨ।
ਸੰਗਰੂਰ (ਨਿਜੀ ਪੱਤਰ ਪ੍ਰੇਰਕ): ਦੇਸ਼ ਅੰਦਰ ਵਾਪਰ ਰਹੀਆਂ ਫ਼ਿਰਕੂ ਘਟਨਾਵਾਂ ਅਤੇ ਸਰਕਾਰ ਦੀ ਕੇਂਦਰੀਕਰਨ ਨੀਤੀ ਖ਼ਿਲਾਫ਼ ਸਰਕਾਰੀ ਰਣਬੀਰ ਕਾਲਜ ਵਿੱਚ ਚਾਰ ਵਿਦਿਆਰਥੀ ਜਥੇਬੰਦੀਆਂ ਵੱਲੋਂ ਧਰਨਾ ਦਿੱਤਾ ਗਿਆ। ਇਸ ਮੌਕੇ ਪੰਜਾਬ ਸਟੂਡੈਂਟਸ ਯੂਨੀਅਨ ਦੇ ਸੁਖਦੀਪ ਹਥਨ, ਡੈਮੋਕ੍ਰੈਟਿਕ ਸਟੂਡੈਂਟਸ ਆਰਗੇਨਾਈਜੇਸ਼ਨ ਦੇ ਗੁਰਵਿੰਦਰ ਸਿੰਘ, ਪੰਜਾਬ ਸਟੂਡੈਂਟਸ ਯੂਨੀਅਨ ਸ਼ਹੀਦ ਰੰਧਾਵਾ ਦੇ ਰਮਨ ਕਾਲਾਝਾੜ ਅਤੇ ਪੰਜਾਬ ਰੈਡੀਕਲ ਸਟੂਡੈਂਟਸ ਯੂਨੀਅਨ ਵੱਲੋਂ ਸੰਦੀਪ ਕੌਰ ਨੇ ਸੰਬੋਧਨ ਕੀਤਾ।