ਰਮੇਸ਼ ਭਾਰਦਵਾਜ
ਲਹਿਰਾਗਾਗਾ, 29 ਸਤੰਬਰ
ਪਿੰਡ ਲੇਹਲ ਖੁਰਦ ’ਚ ਜਲਘਰ ਦੀ ਟੈਂਕੀ ’ਤੇ ਚਿੱਪ ਵਾਲਾ ਮੀਟਰ ਲਗਾਉਣ ਖ਼ਿਲਾਫ਼ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਇਕਾਈ ਪ੍ਰਧਾਨ ਜਗਦੀਪ ਸਿੰਘ ਦੀ ਅਗਵਾਈ ’ਚ ਪਿੰਡ ਦੇ ਸੈਂਕੜੇ ਔਰਤਾਂ ਤੇ ਯੂਨੀਅਨ ਕਾਰਕੁਨਾਂ ਨੇ ਪੰਜਾਬ ਸਰਕਾਰ ਤੇ ਬਿਜਲੀ ਵਿਭਾਗ ਦੇ ਅਧਿਕਾਰੀਆਂ ਖਿਲਾਫ਼ ਨਾਅਰੇਬਾਜ਼ੀ ਕੀਤੀ। ਉਨ੍ਹਾਂ ਕਿਸੇ ਵੀ ਹਾਲਤ ਵਿਚ ਚਿੱਪ ਵਾਲੇ ਮੀਟਰ ਨਾ ਲੱਗਣ ਦੇਣ ਦਾ ਐਲਾਨ ਕੀਤਾ। ਦੂਜੇ ਪਾਸੇ, ਬਿਜਲੀ ਵਿਭਾਗ ਜਲਘਰ ’ਚ ਮੀਟਰ ਲਾਉਣ ’ਚ ਸਫ਼ਲ ਰਿਹਾ।
ਇਸ ਸਬੰਧੀ ਜਥੇਬੰਦੀ ਦੇ ਬਲਾਕ ਆਗੂ ਹਰਸੇਵਕ ਸਿੰਘ ਲੇਹਲ ਖੁਰਦ ਨੇ ਕਿਹਾ ਕਿ ਬਿਜਲੀ ਵਿਭਾਗ ਨੇ ਜਲਘਰ ’ਤੇ ਚੁੱਪ ਚਪੀਤੇ ਚਿੱਪ ਵਾਲਾ ਮੀਟਰ ਲਾ ਕੇ ਲੋਕਾਂ ਲਈ ਬਿਜਲੀ ਤੇ ਪਾਣੀ ਮਹਿੰਗੇ ਕਰਨ ਦੀ ਸਾਜ਼ਿਸ਼ ਕੀਤੀ ਹੈ। ਉਨ੍ਹਾਂ ਕਿਹਾ ਕਿ ਇੱਕ ਪਾਸੇ ਕਿਸਾਨ ਮੋਦੀ ਸਰਕਾਰ ਦੇ ਕਾਲੇ ਕਾਨੂੰਨਾਂ ਖ਼ਿਲਾਫ਼ ਪਿਛਲੇ ਸਾਲ ਤੋਂ ਸੰਘਰਸ਼ ਕਰ ਰਹੇ ਹਨ, ਦੂਜੇ ਪਾਸੇ ਪੰਜਾਬ ਸਰਕਾਰ ਨੇ ਲੋਕਾਂ ਸਿਰ ਭਾਰ ਪਾਉਣ ਲਈ ਅਜਿਹਾ ਲੋਕ ਦੋਖੀ ਕੰਮ ਕੀਤਾ ਜਾ ਰਿਹਾ ਹੈ। ਜਥੇਬੰਦੀ ਇਸ ਦਾ ਡਟਵਾਂ ਵਿਰੋਧ ਕਰੇਗੀ ਤੇ ਪਿੰਡਾਂ ’ਚ ਕਿਸੇ ਅਜਿਹੇ ਮੀਟਰ ਨਹੀਂ ਲੱਗਣ ਦਿੱਤੇ ਜਾਣਗੇ।
ਮਾਮਲਾ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਂਦਾ ਜਾਵੇਗਾ: ਐੱਸਡੀਓ
ਪਾਵਰਕੌਮ ਦਿਹਾਤੀ ਦੇ ਐੱਸਡੀਓ ਗੁਰਸੇਵਕ ਸਿੰਘ ਨੇ ਦੱਸਿਆ ਕਿ ਉਹ ਪਿੰਡ ਵਾਸੀਆਂ ਵੱਲੋਂ ਵਿਰੋਧ ਦਾ ਮਸਲਾ ਉੱਚ ਅਧਿਕਾਰੀਆਂ ਦੇ ਧਿਆਨ ’ਚ ਲਿਆ ਰਹੇ ਹਨ। ਪਾਵਰਕੌਮ ਦੇ ਐਕਸੀਅਨ ਇੰਜ. ਕੁਲਰਾਜ ਸਿੰਘ ਨੇ ਸੰਪਰਕ ਕਰਨ ’ਤੇ ਦੱਸਿਆ ਕਿ ਪੰਜਾਬ ਸਰਕਾਰ ਦੀ ਹਦਾਇਤ ’ਚ ਜਲਘਰਾਂ ਤੇ ਸਰਕਾਰੀ ਵਿਭਾਗਾਂ ’ਚ ਚਿੱਪ ਵਾਲੇ ਮੀਟਰ ਲਾਏ ਜਾ ਰਹੇ ਹਨ ਪਰ ਜਿਥੇ ਜਥੇਬੰਦੀ ਜਾਂ ਲੋਕ ਵਿਰੋਧ ਕਰਨਗੇ, ਉੱਥੇ ਨਹੀਂ ਲਾਏ ਜਾਣਗੇ।