ਜਗਤਾਰ ਸਿੰਘ ਨਹਿਲ
ਲੌਂਗੋਵਾਲ, 30 ਜੁਲਾਈ
ਲੌਂਗੋਵਾਲ ਤੋਂ ਵਾਇਆ ਸਲਾਇਟ, ਸ਼ਹੀਦ ਭਾਈ ਦਿਆਲਾ ਜੀ ਸਕੂਲ , ਕੇਂਦਰੀ ਵਿਦਿਆਲਿਆ ਅਤੇ ਦੁੱਗਾਂ ਨੂੰ ਜੋੜਨ ਵਾਲੀ ਇੱਥੋਂ ਦੀ ਅਹਿਮ ਸੜਕ ਦਾ ਅੱਧ ਵਿਚਕਾਰ ਲਟਕਿਆ ਕੰਮ ਕੰਡਿਆਂ ਵਿੱਚੋਂ ਨਿਕਲ ਕੇ ਝਾੜੀਆਂ ’ਚ ਫਸਣ ਵਾਲੀ ਕਹਾਵਤ ਨੂੰ ਸਾਬਤ ਕਰਦਾ ਨਜ਼ਰ ਆ ਰਿਹਾ ਹੈ।
ਵਰ੍ਹਿਆਂ ਤੋਂ ਖਸਤਾ ਹਾਲਤ ਇਹ ਸੜਕ ਨਿਆਣੇ ਵਿਦਿਆਰਥੀਆਂ ਸਮੇਤ ਸਥਾਨਕ ਲੋਕਾਂ ਲਈ ਵੱਡੀ ਮੁਸੀਬਤ ਦਾ ਸਬੱਬ ਬਣੀ ਹੋਈ ਸੀ। ਲੰਮੇ ਇੰਤਜ਼ਾਰ ਤੋਂ ਬਾਅਦ ਇਸ ਸੜਕ ’ਤੇ ਸਰਕਾਰ ਦੀ ਮਿਹਰ ਭਰੀ ਨਜ਼ਰ ਪਈ ਅਤੇ 15 ਦਿਨ ਪਹਿਲਾਂ ਇਸ ਸੜਕ ਦਾ ਕੰਮ ਵੀ ਆਰੰਭ ਹੋ ਗਿਆ। ਪਰ ਜੇ.ਸੀ.ਬੀ. ਮਸ਼ੀਨ ਨਾਲ ਸੜਕ ਨੂੰ ਚੌੜਾ ਕਰਨ ਲਈ ਇੱਕ ਪਾਸੇ ਤੋਂ ਪੁੱਟ ਕੇ ਅੱਧ ਵਿਚਕਾਰ ਹੀ ਛੱਡ ਦਿੱਤਾ ਗਿਆ ਅਤੇ ਮੀਂਹ ਦੇ ਪਾਣੀ ਕਾਰਨ ਖਸਤਾ ਹਾਲ ਸੜਕ ਜਲਥਲ ਹੋ ਗਈ ਹੈ।
ਸਲਾਇਟ ਐਂਪਲਾਈਜ਼ ਐਸੋਸੀਏਸ਼ਨ ਦੇ ਪ੍ਰਧਾਨ ਜੁਝਾਰ ਸਿੰਘ, ਸਕੱਤਰ ਜਗਦੀਸ਼ ਚੰਦਰ, ਦੇਵਿੰਦਰ ਦੁੱਲਾ, ਦੇਸ਼ ਭਗਤ ਯਾਦਗਾਰ ਕਮੇਟੀ, ਡੀ.ਟੀ.ਐੱਫ., ਭਾਰਤੀ ਕਿਸਾਨ ਯੂਨੀਅਨ ਅਤੇ ਕਿਰਤੀ ਕਿਸਾਨ ਯੂਨੀਅਨ ਦੇ ਆਗੂਆਂ ਨੇ ਦੱਸਿਆ ਕਿ ਮੀਂਹ ਪੈਣ ਨਾਲ ਪੱਟੀ ਗਈ ਸੜਕ ਵਿੱਚ ਪਾਣੀ ਭਰ ਜਾਣ ਕਾਰਨ ਸੜਕ ਨਰਕ ਵਿੱਚ ਤਬਦੀਲ ਹੋ ਗਈ ਹੈ ਅਤੇ ਹੁਣ ਤਾਂ ਰਾਹਗੀਰਾਂ ਦਾ ਪੈਦਲ ਚੱਲਣਾ ਵੀ ਮੁਸ਼ਕਿਲ ਹੋ ਗਿਆ ਹੈ। ਆਗੂਆਂ ਨੇ ਸਰਕਾਰ ਤੋਂ ਬੰਦ ਪਏ ਕੰਮ ਨੂੰ ਤੁਰੰਤ ਚਾਲੂ ਕਰਨ ਦੀ ਮੰਗ ਕੀਤੀ ਹੈ।