ਖੇਤਰੀ ਪ੍ਰਤੀਨਿਧ
ਧੂਰੀ, 7 ਸਤੰਬਰ
ਸੰਗਰੂਰ-ਲੁਧਿਆਣਾ ਮੁੱਖ ਮਾਰਗ ਦੇ ਕੰਢਿਆਂ ’ਤੇ ਬਰਸਾਤੀ ਪਾਣੀ ਦੀ ਨਿਕਾਸੀ ਲਈ ਬਣਾਏ ਗਏ ਨਾਲਿਆਂ ਦੀ ਹਾਲਤ ਜਿੱਥੇ ਤਰਸਯੋਗ ਬਣੀ ਹੋਈ ਹੈ, ਉਥੇ ਹੀ ਇਨ੍ਹਾਂ ਨਾਲਿਆਂ ’ਤੇ ਰੱਖੀਆਂ ਗਈਆਂ ਸਲੈਬਾਂ ਵੀ ਹਾਦਸਿਆਂ ਨੂੰ ਸੱਦਾ ਦੇ ਰਹੀਆਂ ਹਨ। ਸ਼ਹਿਰ ਦੇ ਅੰਦਰ ਵੀ ਮਾਲੇਰਕੋਟਲਾ ਬਾਈਪਾਸ ਤੋਂ ਓਵਰਬਰਿੱਜ ਦੇ ਰਸਤੇ ਦਰਮਿਆਨ ਇਨ੍ਹਾਂ ਬਰਸਾਤੀ ਨਾਲਿਆਂ ਦੀ ਸਹੀ ਤਰੀਕੇ ਨਾਲ ਸਫਾਈ ਨਾ ਹੋਣ ਕਾਰਨ ਅਕਸਰ ਬਰਸਾਤ ਤੋਂ ਕਈ-ਕਈ ਦਿਨਾਂ ਬਾਅਦ ਤੱਕ ਸੜਕਾਂ ਦੇ ਕਿਨਾਰਿਆਂ ’ਤੇ ਪਾਣੀ ਖੜ੍ਹਿਆ ਰਹਿੰਦਾ ਹੈ, ਜਿਸ ਕਾਰਨ ਬਿਮਾਰੀਆਂ ਫੈਲਣ ਦਾ ਖ਼ਦਸ਼ਾ ਹੈ। ਲੋਕਾਂ ਨੇ ਇਸ ਬਾਰੇ ਕਈ ਵਾਰ ਸਬੰਧਿਤ ਅਧਿਕਾਰੀਆਂ ਨੂੰ ਵੀ ਜਾਣੂ ਕਰਵਾਇਆ, ਪਰ ਪਰਨਾਲਾ ਜਿਉਂ ਦਾ ਤਿਉਂ ਹੈ। ਭਗਵਾਨ ਵਾਲਮੀਕਿ ਦਲਿਤ ਚੇਤਨਾ ਮੰਚ ਦੇ ਕੌਮੀ ਪ੍ਰਧਾਨ ਵਿਕੀ ਪਰੋਚਾ ਨੇ ਕਿਹਾ ਕਿ ਜੇਕਰ ਪ੍ਰਸ਼ਾਸਨ ਵੱਲੋਂ ਜਲਦ ਹੀ ਇਸ ਮੰਗ ਨੂੰ ਪੂਰਾ ਨਾ ਕੀਤਾ ਗਿਆ ਤਾਂ ਉਹ ਸੰਘਰਸ਼ ਵਿੱਢਣ ਲਈ ਮਜਬੂਰ ਹੋਣਗੇ। ਇਸ ਬਾਰੇ ਐਸਡੀਐਮ ਧੂਰੀ ਇਸ਼ਮਿਤ ਵਿਜੈ ਸਿੰਘ ਨੇ ਕਿਹਾ ਕਿ ਉਹ ਛੇਤੀ ਹੀ ਇਸ ਸਮੱਸਿਆ ਦਾ ਹੱਲ ਕਰਵਾਉਣਗੇ।