ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 2 ਅਗਸਤ
ਪੀਸੀਐੱਮਐੱਸ ਐਸੋਸੀਏਸ਼ਨ ਅਤੇ ਪੀਸੀਐੱਮਐੱਸ ਐਸੋਸੀਏਸ਼ਨ ਡੈਂਟਲ ਦੀ ਅਗਵਾਈ ਹੇਠ ਜ਼ਿਲ੍ਹੇ ਦੇ ਡਾਕਟਰਾਂ ਨੇ ਛੇਵੇਂ ਪੇਅ ਕਮਿਸ਼ਨ ਦੀਆਂ ਸਿਫਾਰਸ਼ਾਂ ਵਿਰੁੱਧ ਐੱਨਪੀਏ ਦੇ ਮੁੱਦੇ ਸਬੰਧੀ ਅੱਜ ਜ਼ਿਲ੍ਹੇ ਦੇ ਸਰਕਾਰੀ ਹਸਪਤਾਲਾਂ ਵਿੱਚ ਓਪੀਡੀ ਸੇਵਾਵਾਂ ਤੇ ਇਲੈਕਟਿਵ ਸਰਜਰੀ ਸੇਵਾਵਾਂ ਦਾ ਕੰਮਕਾਜ ਠੱਪ ਕਰਦਿਆਂ ਸਿਵਲ ਸਰਜਨ ਦਫ਼ਤਰ ਅੱਗੇ ਤਿੰਨ ਰੋਜ਼ਾ ਪੱਕਾ ਰੋਸ ਧਰਨਾ ਸ਼ੁਰੂ ਕਰ ਦਿੱਤਾ ਹੈ। ਹੜਤਾਲੀ ਡਾਕਟਰਾਂ ਨੇ ਪੰਜਾਬ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰਦਿਆਂ ਐੱਨਪੀਏ ਸਬੰਧੀ ਫੈ਼ਸਲਾ ਵਾਪਸ ਲੈਣ ਦੀ ਮੰਗ ਕੀਤੀ। ਇਸ ਮੌਕੇ ਪੀਸੀਐੱਮਐੱਸ ਐਸੋਸੀਏਸ਼ਨ ਦੇ ਸੂਬਾ ਕਾਰਜਕਾਰੀ ਮੈਂਬਰ ਡਾ. ਅਮਨਪ੍ਰੀਤ ਕੌਰ ਅਤੇ ਡਾ. ਵੀਰਇੰਦਰ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਭਰ ਦੇ ਸਰਕਾਰੀ ਹਸਪਤਾਲਾਂ ਵਿੱਚ ਸਿਰਫ਼ ਐਮਰਜੈਂਸੀ ਅਤੇ ਕੋਵਿਡ ਸੇਵਾਵਾਂ ਨੂੰ ਛੱਡ ਕੇ ਬਾਕੀ ਸਮੁੱਚਾ ਕੰਮਕਾਜ ਠੱਪ ਕਰ ਦਿੱਤਾ ਹੈ। ਓਪੀਸੀ, ਇਲੈਕਟਿਵ ਸਰਜਰੀ, ਡੋਪ ਟੈਸਟ, ਵੀਆਈਪੀ ਡਿਊਟੀਜ਼, ਮੀਟਿੰਗਾਂ ਅਤੇ ਹੋਰ ਸਾਰੇ ਕੰਮਾਂ ਦਾ ਬਾਈਕਾਟ ਕੀਤਾ ਗਿਆ ਹੈ। ਜ਼ਿਲ੍ਹਾ ਭਰ ਦੇ ਸਾਰੇ ਡਾਕਟਰਾਂ ਵੱਲੋਂ ਸਿਵਲ ਸਰਜਨ ਦਫ਼ਤਰ ਅੱਗੇ ਦਿਨ-ਰਾਤ ਦਾ ਤਿੰਨ ਰੋਜ਼ਾ ਪੱਕਾ ਰੋਸ ਧਰਨਾ ਸ਼ੁਰੂ ਕੀਤਾ ਗਿਆ ਹੈ ਕਿਉਂਕਿ ਪੰਜਾਬ ਸਰਕਾਰ ਦੇ ਛੇਵੇਂ ਤਨਖਾਹ ਕਮਿਸ਼ਨ ਅਨੁਸਾਰ ਐੱਨਪੀਏ 25 ਤੋਂ ਘਟਾ ਕੇ 20 ਫੀਸਦ ਕਰਨ ਅਤੇ ਇਸ ਨੂੰ ਮੁੱਢਲੀ ਤਨਖਾਹ ਤੋਂ ਡੀ-ਲਿੰਕ ਕਰਨ ਖ਼ਿਲਾਫ਼ ਸਮੁੱਚੇ ਡਾਕਟਰਾਂ ਵਿਚ ਰੋਸ ਦੀ ਲਹਿਰ ਹੈ। ਉਨ੍ਹਾਂ ਦਾਅਵਾ ਕੀਤਾ ਕਿ ਇਕੱਲੇ ਸਿਵਲ ਹਸਪਤਾਲ ਸੰਗਰੂਰ ਵਿੱਚ ਰੋਜ਼ਾਨਾ ਨਵੇਂ ਅਤੇ ਪੁਰਾਣੇ ਕਰੀਬ 1200 ਮਰੀਜ਼ਾਂ ਦੀ ਓਪੀਡੀ ਹੁੰਦੀ ਹੈ ਜੋ ਕਿ ਸਰਕਾਰ ਦੇ ਅੜੀਅਲ ਰਵੱਈਏ ਕਾਰਨ ਬੰਦ ਰਹੇਗੀ। ਉਨ੍ਹਾਂ ਮੰਗ ਕੀਤੀ ਕਿ ਐੱਨਪੀਏ ਨੂੰ ਪਹਿਲਾਂ ਵਾਂਗ ਮੁੱਢਲੀ ਤਨਖਾਹ ਦਾ ਹਿੱਸਾ ਮੰਨ ਕੇ ਤਨਖਾਹ ਤੇ ਪੈਨਸ਼ਨ ਦਿੱਤੀ ਜਾਵੇ ਅਤੇ ਕਰੋਨਾ ਮਹਾਮਾਰੀ ਨਾਲ ਲੜਨ ਵਾਲੇ ਸਾਰੇ ਕੇਡਰਾਂ ਦੇ ਡਾਕਟਰਾਂ ਨੂੰ ਸਪੈਸ਼ਨ ਭੱਤਾ ਦਿੱਤਾ ਜਾਵੇ। ਹੜਤਾਲੀ ਡਾਕਟਰਾਂ ਨੇ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਐੱਨਪੀਏ ਸਬੰਧੀ ਲਿਆ ਗਿਆ ਫੈ਼ਸਲਾ ਵਾਪਸ ਨਾ ਲਿਆ ਗਿਆ ਤੇ ਅਹਿਮ ਮੰਗਾਂ ਨਾ ਮੰਨੀਆਂ ਗਈਆਂ ਤਾਂ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ। ਇਸ ਮੌਕੇ ਡਾ. ਪੀ.ਐਸ. ਕਲੇਰ, ਡਾ. ਰਾਹੁਲ ਕੁਮਾਰ, ਡਾ. ਸੰਜੀਵ ਕੁਮਾਰ, ਡਾ. ਵਿਨੋਦ ਕੁਮਾਰ, ਡਾ. ਜੂਹੀ ਗੋਇਲ, ਡਾ. ਰਮਨਵੀਰ ਕੌਰ ਬੋਪਾਰਾਏ, ਡਾ. ਹਰਪ੍ਰੀਤ ਕੌਰ ਰੇਖੀ, ਡਾ. ਪਲਵੀਂ, ਡਾ. ਬਿੰਦੂ ਕੌਂਸਲ, ਡਾ. ਨਿਸ਼ੂ, ਡਾ. ਸੁਰਭੀ, ਡਾ. ਕੀਰਤੀ, ਡਾ. ਰਾਵਿੰਦਰਪਾਲ ਕੌਰ, ਡਾ. ਸੁਮਿਤ ਗੋਇਲ, ਡਾ. ਦਿਨੇਸ਼ ਕੁਮਾਰ ਹਾਜ਼ਰ ਸਨ।