ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 12 ਸਤੰਬਰ
ਦਿਲ ਦੇ ਛੇਕ ਦੇ ਮੁਫ਼ਤ ਅਪਰੇਸ਼ਨ ਨਾਲ ਜ਼ਿਲ੍ਹਾ ਸੰਗਰੂਰ ਦੇ ਪਿੰਡ ਸ਼ਾਹਪੁਰ ਕਲਾਂ ਦੀ ਛੇ ਮਹੀਨਿਆਂ ਦੀ ਬੱਚੀ ਹਰਗੁਣ ਨੂੰ ਨਵੀਂ ਜ਼ਿੰਦਗੀ ਮਿਲੀ ਹੈ। ਡਿਪਟੀ ਕਮਿਸ਼ਨਰ ਰਾਮਵੀਰ ਨੇ ਦੱਸਿਆ ਕਿ ਰਾਸ਼ਟਰੀ ਬਾਲ ਸਵਾਸਥ ਕ੍ਰਾਇਆਕ੍ਰਮ (ਆਰ.ਬੀ.ਐਸ.ਕੇ.) ਤਹਿਤ ਕਰੋਨਾ ਮਹਾਂਮਾਰੀ ਦੇ ਬਾਵਜੂਦ ਹਰਗੁਣ ਦਾ ਸੂਬੇ ਦੇ ਫੋਰਟਿਸ ਹਸਪਤਾਲ ਮੁਹਾਲੀ ਤੋਂ ਦਿਲ ਦੇ ਛੇਕ ਦਾ ਸਫ਼ਲ ਅਪਰਸ਼ੇਨ ਕਰਵਾਇਆ ਗਿਆ ਜਿਸ ਨਾਲ ਇਸ ਮਾਸੂਮ ਨੂੰ ਨਵੀਂ ਜ਼ਿੰਦਗੀ ਮਿਲੀ ਹੈ।
ਸਿਵਲ ਸਰਜਨ ਡਾ. ਅੰਜਨਾ ਗੁਪਤਾ ਨੇ ਦੱਸਿਆ ਕਿ ਇਸ ਬੱਚੀ ਦੀ ਪ੍ਰਾਇਮਰੀ ਰਿਪੋਰਟ ਕਰਵਾਈ ਗਈ। ਉਨ੍ਹਾਂ ਕਿਹਾ ਕਿ ਹਾਲਾਂਕਿ ਉਸ ਸਮੇਂ ਕੋਵਿਡ ਦੀ ਦੂਜੀ ਲਹਿਰ ਹੋਣ ਕਰਕੇ ਅਪ੍ਰੇਸ਼ਨ ਦਾ ਸਮਾਂ ਨਹੀਂ ਮਿਲ ਰਿਹਾ ਸੀ ਪਰ ਕੋਸ਼ਿਸ਼ਾਂ ਕਾਰਨ 7 ਅਪਰੈਲ ਦਾ ਸਮਾਂ ਫੋਰਟਿਸ ਹਸਪਤਾਲ ਵਿੱਚ ਮਿਲ ਗਿਆ। ਉਨ੍ਹਾਂ ਦੱਸਿਆ ਕਿ ਆਪ੍ਰੇਸ਼ਨ ਦਾ ਖਰਚਾ ਆਰ.ਬੀ.ਐਸ.ਕੇ. ਤਹਿਤ ਸਰਕਾਰ ਵੱਲੋਂ ਕੀਤਾ ਗਿਆ ਹੈ ਤੇ ਮਰੀਜ਼ ਦਾ ਇਕ ਰੁਪਇਆ ਵੀ ਖਰਚ ਨਹੀਂ ਹੋਇਆ। ਬੱਚੀ ਦੇ ਪਿਤਾ ਹਰਦੀਪ ਸ਼ਰਮਾ ਨੇ ਖੁਸ਼ੀ ਜ਼ਾਹਿਰ ਕਰਦਿਆਂ ਕਿਹਾ ਕਿ ਇਹ ਯੋਜਨਾ ਬੱਚੇ ਲਈ ਨਵਾਂ ਜੀਵਨ ਲੈ ਕੇ ਆਈ ਹੈ। ਉਸ ਦਾ ਇਲਾਜ ਬਿਲਕੁਲ ਮੁਫ਼ਤ ਹੋਇਆ ਹੈ ਜਦਕਿ ਪ੍ਰਾਈਵੇਟ ਤੌਰ ’ਤੇ ਇਸ ਦਾ ਇਲਾਜ ਬਹੁਤ ਮਹਿੰਗਾ ਸੀ ਜੋ ਕਿ ਉਨ੍ਹਾਂ ਦੀ ਸਮਰੱਥਾ ਤੋਂ ਬਾਹਰ ਦੀ ਗੱਲ ਸੀ। ਆਰ.ਬੀ.ਐਸ.ਕੇ. ਦੇ ਨੋਡਲ ਅਫ਼ਸਰ ਡਾ.ਵਿਨੀਤ ਨਾਗਪਾਲ ਨੇ ਕਿਹਾ ਕਿ ਰਾਸ਼ਟਰੀ ਬਾਲ ਸਵਾਸਥ ਕਾਰਿਆਕ੍ਰਮ ਸੂਬਾ ਸਰਕਾਰ ਦੇ ਸਹਿਯੋਗ ਨਾਲ ਚਲਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਵਿੱਚ ਆਂਗਨਵਾੜੀ ਅਤੇ ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ਵਿੱਚ ਰਜਿਸਟਰਡ 0 ਤੋਂ 18 ਸਾਲ ਤੱਕ ਦੇ ਬੱਚਿਆਂ ਦਾ ਇਲਾਜ ਮੁਫ਼ਤ ਵਿੱਚ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਇਸ ਪ੍ਰੋਗਰਾਮ ਤਹਿਤ ਜਨਮ ਜਾਤ ਬਿਮਾਰੀਆਂ, ਦਿਲ ਦੀਆਂ ਬਿਮਾਰੀਆਂ, ਮੰਦਬੁੱਧੀ, ਬੋਲਣ ਵਿੱਚ ਦੇਰੀ, ਦੰਦਾਂ ਦੀਆਂ ਬਿਮਾਰੀਆਂ, ਟੇਢੇ ਪੈਰ, ਰੀੜ੍ਹ ਦੀ ਹੱਡੀ ਵਿਚ ਸੋਜ਼ ਸਮੇਤ 31 ਬਿਮਾਰੀਆਂ ਦਾ ਇਲਾਜ ਮੁਫ਼ਤ ਵਿੱਚ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਵੱਡੇ ਆਪ੍ਰੇਸ਼ਨਾਂ ਲਈ ਪੰਜਾਬ ਦੇ 9 ਸਰਕਾਰੀ ਤੇ ਪ੍ਰਾਈਵੇਟ ਹਸਪਤਾਲਾਂ ਨੂੰ ਸੂਚੀਬੱਧ ਕੀਤਾ ਗਿਆ ਹੈ। ਇਸ ਮੌਕੇ ਡਿਪਟੀ ਮਾਸ ਮੀਡੀਆ ਅਫ਼ਸਰ ਲਖਵਿੰਦਰ ਸਿੰਘ ਵੀ ਮੌਜੂਦ ਸਨ।