ਪੱਤਰ ਪ੍ਰੇਰਕ
ਲਹਿਰਾਗਾਗਾ, 26 ਨਵੰਬਰ
ਚਾਹੇ ਰੇਲਵੇ ਵਿਭਾਗ ਨੇ ਕੁਝ ਲੰਬੀ ਦੂਰੀ ਤੇ ਮਾਲ ਗੱਡੀਆਂ ਚਲਾ ਦਿੱਤੀਆਂ ਹਨ ਪਰ ਲਹਿਰਾਗਾਗਾ ਦੇ ਸਦੀ ਤੋਂ ਪੁਰਾਣੇ ਰੇਲਵੇ ਸਟੇਸ਼ਨ ਤੋਂ 23 ਮਾਰਚ ਮਗਰੋਂ ਪਹਿਲੀ ਸਵਾਰੀ ਗੱਡੀ ਜੰਮੂ-ਜੰਬਲਪੁਰ ਐਕਸਪ੍ਰੈਸ 0145 ਡਾਊਨ ਦਿੱਲੀ ਲਈ ਲੰਘੀ ਪਰ ਇਹ ਗੱਡੀ ਵੀ ਨਹੀਂ ਰੁਕੀ। ਰੇਲ ਸਟੇਸ਼ਨ ਦੇ ਸੀਨੀਅਰ ਸੁਪਰਡੈਂਟ ਰਾਜੀਵ ਸ਼ਰਮਾ ਦੱੱਸਿਆ ਕਿ ਇਹ ਜੰਮੂ-ਜੰਬਲਪੁਰ ਐਕਸਪ੍ਰੈਸ 0145 ਅੱਪ ਅਤੇ ਡਾਊਨ ਗੱਡੀ ਪਹਿਲਾਂ ਸਿਰਫ਼ ਬੁੱਧਵਾਰ ਤੇ ਵੀਰਵਾਰ ਨੂੰ ਚਲਦੀ ਸੀ ਜਦੋਂਕਿ ਹਿਸਾਰ- ਲੁਧਿਆਣਾ ਰੂਟ ’ਤੇ ਦਿਨ ’ਚ ਤਕਰੀਬਨ 24 ਸਵਾਰੀ ਗੱਡੀਆਂ ਅਜੇ ਤੱਕ ਨਹੀਂ ਚੱਲੀਆਂ ਪਰ ਕੰੰਟੇਨਰਾਂ ਵਾਲੀਆਂ ਗੱਡੀਆਂ ਆ ਜਾ ਰਹੀਆਂ ਹਨ। ਦੂਜੇ ਪਾਸੇ ਕਿਸਾਨ ਜਥੇਬੰਦੀਆਂ ਦੇ ਕਾਰਕੁਨ ਆਪਣੇ ਟਰੈਕਟਰ-ਟਰਾਲੀਆਂ ਰਾਹੀਂ ਦਿੱਲੀ ਵੱਲ ਜਾਣ ਲਈ ਕੂਚ ਕਰਨ ਲੱਗੇ ਹਨ।ਉਧਰ, ਅੱਜ ਪੀਆਰਟੀਸੀ ਦੀ ਸਾਂਝੀ ਐਕਸ਼ਨ ਕਮੇਟੀ ਦੇ ਸੱਦੇ ’ਤੇ ਪੀਆਰਟੀਸੀ ਦੀਆਂ ਬੱਸਾਂ ਤੇ ਬੈਂਕਾਂ ਪੂਰਨ ਤੌਰ ’ਤੇ ਬੰਦ ਰਹੀਆਂ ਪਰ ਨਿੱਜੀ ਬੱਸਾਂ ਆਮ ਵਰਗੀਆਂ ਚੱਲੀਆਂ। ਕਿਸਾਨ ਸੰਘਰਸ਼ ਕਰਕੇ ਲੋਕਾਂ ਦੀ ਆਵਾਜਾਈ ਘੱਟ ਰਹੀ। ਪੀਆਰਟੀਸੀ ਦੇ ਆਗੂ ਕਾਮਰੇਡ ਮਹਿੰਦਰ ਬਾਗੀ ਨੇ ਕਿਹਾ ਕਿ ਦੇਸ਼ ਦੀਆਂ 10 ਟਰੇਡ ਯੂਨੀਅਨਾਂ ਦੇ ਸੱਦੇ ’ਤੇ ਪੂਰਨ ਹੜਤਾਲ ਤੇ ਮੋਦੀ ਸਰਕਾਰ ਦੀਆਂ ਗਲਤ ਨੀਤੀਆਂ ਦਾ ਵਿਰੋਧ ਕੀਤਾ ਜਾਵੇਗਾ।