ਮੇਜਰ ਸਿੰਘ ਮੱਟਰਾਂ
ਭਵਾਨੀਗੜ੍ਹ, 5 ਦਸੰਬਰ
ਇੱਥੇ ਅੱਜ ਵਣ ਤੇ ਜੰਗਲੀ ਜੀਵ ਸੁਰੱਖਿਆ ਵਿਭਾਗ ਸੰਗਰੂਰ ਵੱਲੋਂ 2.2 ਏਕੜ ਥਾਂ ’ਚ ਡੇਢ ਕਰੋੜ ਰੁਪਏ ਦੀ ਲਾਗਤ ਨਾਲ ਬਣਾਏ ਗਏ ਜੈਵਿਕ ਵਿਭਿੰਨਤਾ (ਬਾਇਓ ਡਾਇਵਰਸਿਟੀ) ਪਾਰਕ ਦਾ ਉਦਘਾਟਨ ਕੈਬਨਿਟ ਮੰਤਰੀ ਵਿਜੈਇੰਦਰ ਸਿੰਗਲਾ ਨੇ ਕੀਤਾ।
ਸਮਾਗਮ ਨੂੰ ਸੰਬੋਧਨ ਕਰਦਿਆਂ ਸ੍ਰੀ ਸਿੰਗਲਾ ਨੇ ਕਿਹਾ ਕਿ ਗੰਦਗੀ ਨਾਲ ਭਰੇ ਇਸ ਟੋਭੇ ਨੂੰ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਪੂਰ ਕੇ ਇੱਥੇ ਪੰਜਾਬ ਦੇ ਆਪਣੀ ਕਿਸਮ ਦੇ ਪਹਿਲੇ ਪਾਰਕ ਵਿੱਚ ਤਬਦੀਲ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਦੇਸ਼ ਦੇ ਵੱਖ-ਵੱਖ ਹਿੱਸਿਆਂ ’ਚੋਂ ਲਿਆਂਦੇ ਗਏ 145 ਕਿਸਮ ਦੇ ਬੂਟੇ ਤੇ ਫੁੱਲ ਇਸ ਪਾਰਕ ਵਿੱਚ ਲਗਾਏ ਗਏ ਹਨ।