ਮੇਜਰ ਸਿੰਘ ਮੱਟਰਾਂ
ਭਵਾਨੀਗੜ, 8 ਦਸੰਬਰ
ਪੰਜਾਬ ਸਰਕਾਰ ਵੱਲੋਂ ਪਿਛਲੇ ਪੰਜ ਵਰਿਆਂ ਵਿੱਚ ਸਰਕਾਰੀ ਸਕੂਲਾਂ ਦੇ ਸਿੱਖਿਆ ਮਿਆਰ ਵਿੱਚ ਵੱਡਾ ਸੁਧਾਰ ਲਿਆਉਣ ਤੇ ਸਕੂਲਾਂ ਦੇ ਬੁਨਿਆਦੀ ਢਾਂਚੇ ਨੂੰ ਵਧੇਰੇ ਵਿਕਸਤ ਕਰਨ ਲਈ ਜ਼ੋਰਦਾਰ ਉਪਰਾਲੇ ਕੀਤੇ ਗਏ ਹਨ ਤੇ ਇਨ੍ਹਾਂ ਉਪਰਾਲਿਆਂ ਸਦਕਾ ਹੀ ਸਰਕਾਰੀ ਸਕੂਲਾਂ ਨੂੰ ਸਮਾਰਟ ਸਕੂਲਾਂ ਵਜੋਂ ਤਬਦੀਲ ਕਰਨ ਵਿੱਚ ਸਫ਼ਲਤਾ ਹਾਸਲ ਹੋਈ ਹੈ। ਇਹ ਪ੍ਰਗਟਾਵਾ ਪੰਜਾਬ ਦੇ ਕੈਬਨਿਟ ਮੰਤਰੀ ਵਿਜੈਇੰਦਰ ਸਿੰਗਲਾ ਨੇ ਅੱਜ ਇੱਥੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਭਵਾਨੀਗੜ ਵਿੱਚ ਵਰਚੁਅਲ ਕਾਨਫਰੰਸ ਰਾਹੀਂ ਵਿਧਾਨ ਸਭਾ ਹਲਕਾ ਸੰਗਰੂਰ ਦੇ 156 ਸਰਕਾਰੀ ਸਮਾਰਟ ਸਕੂਲਾਂ ਦਾ ਰਸਮੀ ਉਦਘਾਟਨ ਕਰਨ ਸਮੇਂ ਕੀਤਾ। ਇਸ ਮੌਕੇ ਉਨ੍ਹਾਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਨੂੰ ਸਮਾਰਟ ਸਕੂਲ ਵਜੋਂ ਤਬਦੀਲ ਕਰਨ ਉਪਰੰਤ ਲੋਕ ਅਰਪਣ ਕਰਨ ਦੀ ਰਸਮ ਵੀ ਅਦਾ ਕੀਤੀ। ਇਸ ਦੌਰਾਨ ਸ੍ਰੀ ਸਿੰਗਲਾ ਨੇ ਕਿਹਾ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਹੇਠ ਸਿੱਖਿਆ ਦੇ ਖੇਤਰ ਵਿੱਚ ਇਨਕਲਾਬੀ ਤਬਦੀਲੀਆਂ ਲਿਆਂਦੀਆਂ ਜਾ ਰਹੀਆਂ ਹਨ ਅਤੇ ਇਨ੍ਹਾਂ ਸਾਲਾਂ ਵਿੱਚ ਪੰਜਾਬ ਸਿੱਖਿਆ ਦੇ ਪੱਖੋਂ ਦੇਸ਼ ਦਾ ਮੋਹਰੀ ਸੂਬਾ ਬਣਨ ਦੇ ਨਾਲ ਨਾਲ ਸਰਕਾਰੀ ਸਕੂਲਾਂ ਵਿੱਚ ਹਰ ਸਾਲ ਦਾਖਲਿਆਂ ਦੀ ਦਰ ਵਿੱਚ ਹੋ ਰਿਹਾ ਵੱਡਾ ਵਾਧਾ ਸਭ ਦੇ ਸਾਹਮਣੇ ਹੈ।
ਜ਼ਿਕਰਯੋਗ ਹੈ ਕਿ ਸ੍ਰੀ ਸਿੰਗਲਾ ਨੇ ਖੁਦ ਸਿੱਖਿਆ ਮੰਤਰੀ ਹੁੰਦਿਆਂ ਸਰਕਾਰੀ ਸਕੂਲਾਂ ਨੂੰ ਸਮਾਰਟ ਸਕੂਲਾਂ ਵਿੱਚ ਬਦਲਣ ਦਾ ਪ੍ਰਾਜੈਕਟ ਸਤੰਬਰ 2019 ਵਿੱਚ ਆਰੰਭਿਆ ਸੀ। ਸ਼੍ਰੀ ਸਿੰਗਲਾ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਅਜੋਕੇ ਤਕਨੀਕੀ ਯੁੱਗ ਵਿੱਚ ਸਮੇਂ ਦਾ ਹਾਣੀ ਬਣਾਉਣ ਲਈ ਵਿਕਸਤ ਕੀਤੇ ਸਮਾਰਟ ਸਕੂਲਾਂ ਦੇ ਕਮਰੇ ਹਵਾਦਾਰ ਤੇ ਖੁੱਲੇ ਡੁੱਲੇ ਹਨ ਤੇ ਖੇਡ ਮੈਦਾਨ, ਸਿੱਖਿਆ ਪਾਰਕ, ਸਾਇੰਸ ਪ੍ਰਯੋਗਸ਼ਾਲਾਵਾਂ, ਪਖ਼ਾਨੇ ਆਦਿ ਪੱਖੋਂ ਵੱਡਾ ਸੁਧਾਰ ਲਿਆਂਦਾ ਗਿਆ ਹੈ ਜੋ ਵਿਦਿਆਰਥੀਆਂ ਤੇ ਸਟਾਫ਼ ਦੇ ਅਨੁਕੂਲ ਹੈ। ਕੈਬਨਿਟ ਮੰਤਰੀ ਨੇ ਦੱਸਿਆ ਕਿ ਅੱਜ ਵਰਚੂਅਲ ਕਾਨਫਰੰਸ ਰਾਹੀਂ ਹਲਕਾ ਸੰਗਰੂਰ ਦੇ 156 ਸਰਕਾਰੀ ਸਮਾਰਟ ਸਕੂਲਾਂ ਦਾ ਲੋਕ ਅਰਪਣ ਹੋਇਆ ਹੈ ਜਿਨ੍ਹਾਂ ’ਤੇ ਪਿਛਲੇ ਪੰਜ ਵਰ੍ਹਿਆਂ ਦੌਰਾਨ ਕਰੀਬ 44.62 ਕਰੋੜ ਰੁਪਏ ਦੀ ਲਾਗਤ ਆਈ ਹੈ ਜੋ ਪੰਜਾਬ ਸਰਕਾਰ ਦੇ ਨਾਲ ਨਾਲ ਇੰਡੀਅਨ ਆਇਲ, ਐੱਚਪੀਸੀਐੱਲ, ਕੁਆਰਕ ਸਿਟੀ ਇੰਡੀਆ ਸਮੇਤ ਹੋਰ ਸਮਾਜ ਸੇਵੀ ਸੰਗਠਨਾਂ ਦੇ ਸੀਐੱਸਆਰ ਫੰਡ, ਵੱਖ ਵੱਖ ਆਗੂਆਂ, ਗ੍ਰਾਮ ਪੰਚਾਇਤਾਂ, ਐੱਨਆਰਆਈਜ਼ ਦੇ ਸਹਿਯੋਗ ਨਾਲ ਸੰਭਵ ਹੋ ਸਕਿਆ ਹੈ। ਉਨਾਂ ਦੱਸਿਆ ਕਿ ਹਲਕਾ ਸੰਗਰੂਰ ਦੇ 102 ਸਰਕਾਰੀ ਪ੍ਰਾਇਮਰੀ ਸਕੂਲ, 27 ਸਰਕਾਰੀ ਮਿਡਲ ਸਕੂਲ, 8 ਸਰਕਾਰੀ ਹਾਈ ਸਕੂਲ ਅਤੇ 19 ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਮਾਰਟ ਸਕੂਲ ਵਜੋਂ ਵਿਕਸਤ ਕੀਤੇ ਗਏ ਹਨ, ਜੋ ਕਿ ਸਰਕਾਰ ਦੀਆਂ ਪ੍ਰਾਪਤੀਆਂ ਵਜੋਂ ਮੀਲ ਪੱਥਰ ਹੈ।
ਇਸ ਮੌਕੇ ਸਥਾਨਕ ਵਾਸੀਆਂ ਨੇ ਪੰਜਾਬ ਸਰਕਾਰ ਵੱਲੋਂ ਕੈਬਨਿਟ ਮੰਤਰੀ ਸ੍ਰੀ ਸਿੰਗਲਾ ਵੱਲੋਂ ਸਿੱਖਿਆ ਸਮੇਤ ਹਲਕਾ ਸੰਗਰੂਰ ਦੇ ਹੋਰ ਖੇਤਰਾਂ ਵਿੱਚ ਕਰਵਾਏ ਜਾ ਰਹੇ ਸਰਵ ਪੱਖੀ ਵਿਕਾਸ ਕਾਰਜਾਂ ਲਈ ਧੰਨਵਾਦ ਕੀਤਾ। ਇਸ ਮੌਕੇ ਡੀਈਓ ਐਲੀਮੈਂਟਰੀ ਸਿੱਖਿਆ ਧਰਮਪਾਲ, ਡਿਪਟੀ ਡੀਈਓ ਦਿਆਲ ਸਿੰਘ ਤੇ ਅਮ੍ਰਿਤਪਾਲ ਸਿੰਘ, ਸੁਰਿੰਦਰ ਸਿੰਘ ਭਰੂਰ, ਕੁਲਦੀਪ ਸਿੰਘ ਖੇੜੀ, ਤਰਵਿੰਦਰ ਕੌਰ, ਪ੍ਰੀਤ ਇੰਦਰ ਖਾਈ ਵੀ ਹਾਜ਼ਰ ਸਨ।